Punjab – Haryana ‘ਚ ਅਚਾਨਕ ਬਦਲਿਆ ਮੌਸਮ! ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ ਤੇ ਗੜ੍ਹੇਮਾਰੀ
- ਖੇਤਾਂ ‘ਚ ਵਿਛੀਆਂ ਕਣਕਾਂ; ਕਿਸਾਨਾਂ ਦੀ ਵਧੀ ਚਿੰਤਾ!
ਚੰਡੀਗੜ੍ਹ, 15 ਮਾਰਚ (ਵਿਸ਼ਵ ਵਾਰਤਾ): ਪੰਜਾਬ ਅਤੇ ਹਰਿਆਣਾ ਵਿੱਚ ਅਚਾਨਕ ਮੌਸਮ ਬਦਲ ਗਿਆ ਹੈ। ਦੁਪਹਿਰ ਤੋਂ ਬਾਅਦ ਅਬੋਹਰ ਵਿੱਚ ਭਾਰੀ ਮੀਂਹ ਦੇ ਨਾਲ-ਨਾਲ ਗੜੇਮਾਰੀ ਹੋਈ, ਜਿਸ ਕਾਰਨ ਕਣਕ ਦੀ ਫ਼ਸਲ ਖੇਤਾਂ ਵਿੱਚ ਵਿਛ ਗਈ। ਇਸ ਤੋਂ ਇਲਾਵਾ ਲੁਧਿਆਣਾ, ਫ਼ਰੀਦਕੋਟ, ਅੰਮ੍ਰਿਤਸਰ, ਬਠਿੰਡਾ, ਜਲੰਧਰ-ਪਠਾਨਕੋਟ ਅਤੇ ਪਟਿਆਲਾ ਵਿੱਚ ਵੀ ਮੀਂਹ ਪਿਆ ਜਿਸ ਨਾਲ ਤਾਪਮਾਨ ‘ਚ ਗਿਰਾਵਟ ਆਈ ਹੈ। ਚੰਡੀਗੜ੍ਹ ਵਿੱਚ ਵੀ ਬੱਦਲ ਛਾਏ ਹੋਏ ਹਨ।
ਦੱਸ ਦਈਏ ਕਿ ਮੌਸਮ ਵਿਭਾਗ ਨੇ ਅੱਜ ਸ਼ਾਮ ਸਾਢੇ ਸੱਤ ਵਜੇ ਤੱਕ ਗਰਜ-ਚਮਕ, ਹਨੇਰੀ ਅਤੇ ਤੇਜ਼ ਹਵਾਵਾਂ ਦੇ ਨਾਲ ਗੜੇ ਪੈਣ ਦਾ ਅਲਰਟ ਜਾਰੀ ਕੀਤਾ ਹੋਇਆ ਹੈ। ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ 0.1 ਡਿਗਰੀ ਸੈਲਸੀਅਸ ਦੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ।
ਇਸ ਦੇ ਨਾਲ ਹੀ ਹਰਿਆਣਾ ਵਿੱਚ ਵੀ ਕਈ ਥਾਈ ਮੀਂਹ ਅਤੇ ਗੜੇਮਾਰੀ ਹੋਈ ਹੈ। ਗੁਰੂਗ੍ਰਾਮ, ਰੇਵਾੜੀ ਅਤੇ ਕੈਥਲ ਵਿੱਚ ਗੜੇ ਪਏ। ਇਸ ਦੇ ਨਾਲ ਹੀ ਪਾਣੀਪਤ, ਯਮੁਨਾਨਗਰ, ਫਰੀਦਾਬਾਦ, ਹਿਸਾਰ, ਸੋਨੀਪਤ, ਪਲਵਲ ਅਤੇ ਰੋਹਤਕ ਵਿੱਚ ਬਾਰਿਸ਼ ਹੋਈ।
ਮੌਸਮ ਵਿਭਾਗ ਅਨੁਸਾਰ, ਚਰਖੀ ਦਾਦਰੀ, ਭਿਵਾਨੀ, ਝੱਜਰ, ਰੋਹਤਕ, ਹਿਸਾਰ, ਫਤਿਹਾਬਾਦ, ਸਿਰਸਾ, ਜੀਂਦ, ਕਰਨਾਲ, ਕੁਰੂਕਸ਼ੇਤਰ, ਅੰਬਾਲਾ, ਪੰਚਕੂਲਾ, ਯਮੁਨਾਨਗਰ, ਰੇਵਾੜੀ ਅਤੇ ਗੁਰੂਗ੍ਰਾਮ ਸਮੇਤ ਲਗਭਗ ਪੂਰੇ ਸੂਬੇ ਵਿੱਚ ਅਗਲੇ 2-3 ਦਿਨਾਂ ਤੱਕ ਗਰਜ-ਚਮਕ ਦੇ ਨਾਲ ਹਲਕੀ ਬਾਰਸ਼ ਦੀ ਸੰਭਾਵਨਾ ਹੈ। ਐਤਵਾਰ ਨੂੰ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























