Punjab: ਮਰਹੂਮ ਪੰਜਾਬੀ ਕਲਾਕਾਰ ਜਸਵਿੰਦਰ ਭੱਲਾ ਦੇ ਗ੍ਰਹਿ ਵਿਖੇ ਪੁੱਜੇ ਹਰਿਆਣਾ CM ਨਾਇਬ ਸਿੰਘ ਸੈਣੀ
– ਮੁੱਖ ਮੰਤਰੀ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਕੀਤਾ ਸਾਂਝਾ
ਚੰਡੀਗੜ੍ਹ, 28 ਅਗਸਤ 2025 (ਵਿਸ਼ਵ ਵਾਰਤਾ): ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਮਰਹੂਮ ਪੰਜਾਬੀ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ ਦੇ ਘਰ ਦੁੱਖ ਵੰਡਾਉਣ ਪੁੱਜੇ। ਉਨ੍ਹਾਂ ਨੇ ਭੱਲਾ ਪਰਿਵਾਰ ਨਾਲ ਜਸਵਿੰਦਰ ਭੱਲਾ ਦੀ ਦੁਖਦਾਈ ਅਤੇ ਬੇਵਕਤੀ ਮੌਤ ‘ਤੇ ਦੁੱਖ ਪ੍ਰਗਟ ਕੀਤਾ।
ਇਸ ਮੌਕੇ ਸੀਐਮ ਸੈਣੀ ਨੇ ਕਿਹਾ ਕਿ “ਆਪਣੀ ਸ਼ਾਨਦਾਰ ਹਾਸਰਸ ਪ੍ਰਤਿਭਾ ਨਾਲ ਉਨ੍ਹਾਂ ਨੇ ਲੱਖਾਂ ਲੋਕਾਂ ਦੇ ਚਿਹਰਿਆਂ ‘ਤੇ ਮੁਸਕਰਾਹਟ ਲਿਆਂਦੀ ਅਤੇ ਉਨ੍ਹਾਂ ਦੇ ਜੀਵਨ ਵਿੱਚ ਖੁਸ਼ੀਆਂ ਫੈਲਾਈਆਂ। ਉਨ੍ਹਾਂ ਦਾ ਵਿਛੋੜਾ ਨਾ ਸਿਰਫ਼ ਪੰਜਾਬ ਲਈ ਸਗੋਂ ਪੂਰੇ ਦੇਸ਼ ਦੀ ਕਲਾ ਜਗਤ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ।ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਣ”
ਦੱਸ ਦਈਏ ਕਿ ਜਸਵਿੰਦਰ ਭੱਲਾ ਨੂੰ ਬੀਤੇ ਦਿਨੀ ਬ੍ਰੇਨ ਸਟ੍ਰੋਕ ਕਾਰਨ ਮੋਹਾਲੀ ਦੇ ਫੌਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਹਨਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ ਪਰ ਹਾਲਾਤ ਖ਼ਰਾਬ ਹੋਣ ਕਾਰਨ ਉਹਨਾਂ ਦਾ 22 ਅਗਸਤ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ।























