Punjab: ਬਿਕਰਮ ਮਜੀਠੀਆ ਵਿਰੁੱਧ ਦਰਜ FIR ‘ਤੇ ਕੱਲ੍ਹ ਨੂੰ ਮੁੜ ਹਾਈਕੋਰਟ ਵਿੱਚ ਹੋਵੇਗੀ ਸੁਣਵਾਈ
ਚੰਡੀਗੜ੍ਹ, 2 ਜੂਨ (ਵਿਸ਼ਵ ਵਾਰਤਾ) – ਅੰਮ੍ਰਿਤਸਰ ਦੇ ਮਜੀਠਾ ਪੁਲਿਸ ਸਟੇਸ਼ਨ ਵਿੱਚ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਵਿਰੁੱਧ ਦਰਜ ਐਫਆਈਆਰ ‘ਮਾਮਲੇ ਤੇ ਅੱਜ (2 ਜੂਨ) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਪੰਜਾਬ ਸਰਕਾਰ ਨੇ ਆਪਣਾ ਜਵਾਬ ਦਾਇਰ ਕਰਨ ਲਈ ਕੱਲ੍ਹ ਤੱਕ ਦਾ ਸਮਾਂ ਮੰਗਿਆ ਹੈ। ਹੁਣ ਇਸ ਮਾਮਲੇ ਦੀ ਕੱਲ੍ਹ ਨੂੰ ਦੁਬਾਰਾ ਸੁਣਵਾਈ ਹੋਵੇਗੀ ਅਤੇ ਪੰਜਾਬ ਸਰਕਾਰ ਆਪਣਾ ਜਵਾਬ ਦਾਖਲ ਕਰੇਗੀ। ਦੱਸ ਦਈਏ ਕਿ ਕੱਲ੍ਹ 1 ਜੂਨ ਨੂੰ ਹਾਈ ਕੋਰਟ ਨੇ ਅਕਾਲੀ ਦਲ ਦੀ ਪਟੀਸ਼ਨ ‘ਤੇ ਡੀਜੀਪੀ, ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਅਤੇ ਮਜੀਠਾ ਪੁਲਿਸ ਸਟੇਸ਼ਨ ਦੇ ਐਸਐਚਓ ਨੂੰ ਨੋਟਿਸ ਜਾਰੀ ਕੀਤੇ ਸਨ।
ਅੰਮ੍ਰਿਤਸਰ ਪੁਲਿਸ ਨੇ ਮਜੀਠੀਆ ਨੂੰ ਫੜਨ ਲਈ 12 ਟੀਮਾਂ ਦਾ ਗਠਨ ਕੀਤਾ ਹੈ। ਸੋਮਵਾਰ ਨੂੰ ਅੰਮ੍ਰਿਤਸਰ ਤੋਂ ਇਲਾਵਾ ਚੰਡੀਗੜ੍ਹ ਵਿੱਚ ਵੀ ਮਜੀਠੀਆ ਦੀ ਭਾਲ ਕੀਤੀ ਗਈ। ਪੁਲਿਸ ਮੁਤਾਬਕ ਮਜੀਠੀਆ ਅਤੇ ਉਨ੍ਹਾਂ ਦੇ ਸਾਥੀਆਂ ‘ਤੇ ਕੱਲ੍ਹ (31 ਮਈ) ਨੂੰ ਮਜੀਠਾ ਥਾਣੇ ਤੋਂ ਜ਼ਬਰਦਸਤੀ ਆਪਣੇ ਸਾਥੀ ਜੋਬਨਜੀਤ ਸਿੰਘ ਨੂੰ ਛੁਡਾਉਣ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਹੈ ਅਤੇ ਮਜੀਠੀਆ ‘ਤੇ ਪੁਲਿਸ ਅਧਿਕਾਰੀਆਂ ਦੇ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ ਹੈ।
ਫੜੇ ਜਾਣ ਵਿੱਚ ਅਸਫਲ ਰਹਿਣ ਤੋਂ ਬਾਅਦ, ਪੁਲਿਸ ਨੇ ਦੇਰ ਸ਼ਾਮ ਮਜੀਠੀਆ ਵਿਰੁੱਧ ਲੁੱਕਆਊਟ ਸਰਕੂਲਰ (LOC) ਜਾਰੀ ਕੀਤਾ ਤਾਂ ਜੋ ਉਸਨੂੰ ਦੇਸ਼ ਛੱਡ ਕੇ ਜਾਣ ਤੋਂ ਰੋਕਿਆ ਜਾ ਸਕੇ। ਸੋਮਵਾਰ ਸ਼ਾਮ ਨੂੰ, ਸਰਕਾਰ ਨੇ ਇਸ ਮਾਮਲੇ ਦੇ ਸਬੰਧ ਵਿੱਚ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਸੋਹੇਲ ਕਾਸਿਮ ਮੀਰ ਨੂੰ ਵੀ ਹਟਾ ਦਿੱਤਾ ਸੀ।
ਦੂਜੇ ਪਾਸੇ, ਅਕਾਲੀ ਦਲ ਨੇ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ਼ ਕੀਤਾ ਹੈ। ਇਸ ਮਾਮਲੇ ‘ਤੇ ਕੱਲ੍ਹ ਨੂੰ ਮੁੜ ਸੁਣਵਾਈ ਹੋਵੇਗੀ। ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਇੱਕ ਸਾਜ਼ਿਸ਼ ਤਹਿਤ ਮੁਲਜ਼ਮ ਨੂੰ ਥਾਣੇ ਵਿੱਚੋਂ ਛੁਡਵਾਇਆ ਗਿਆ। ਇਸ ਮਾਮਲੇ ਵਿੱਚ ਬਿਕਰਮ ਮਜੀਠੀਆ ਸਮੇਤ ਕਈ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/





















