Punjab: ਸ੍ਰੀ ਹਰਿਮੰਦਰ ਸਾਹਿਬ ਵਿਖੇ ਵਲੌਗ ਬਣਾਉਣ ਨੂੰ ਲੈ ਕੇ ਵਿਵਾਦ, ਪਹਿਰੇਦਾਰਾਂ ’ਤੇ ਬਦਸਲੂਕੀ ਦੇ ਦੋਸ਼
ਅੰਮ੍ਰਿਤਸਰ, 13 ਅਕਤੂਬਰ (ਵਿਸ਼ਵ ਵਾਰਤਾ): ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਤ ਸਮੇਂ ਵਲੌਗ ਬਣਾਉਣ ਪਹੁੰਚੇ ਇੱਕ ਨੌਜਵਾਨ ਨੇ ਪਹਿਰੇਦਾਰਾਂ ’ਤੇ ਬਦਸਲੂਕੀ ਕਰਨ ਦੇ ਦੋਸ਼ ਲਾਏ ਹਨ। ਨੌਜਵਾਨ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਪਹਿਰੇਦਾਰਾਂ ਨੇ ਉਸ ਦਾ ਕੈਮਰਾ ਖੋਹ ਲਿਆ, ਉਸ ਨਾਲ ਧੱਕਾ-ਮੁੱਕੀ ਕੀਤੀ ਅਤੇ ਉਸ ਦੇ ਹੱਥ ਮਰੋੜੇ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਕੈਮਰੇ ਵਿੱਚੋਂ ਉਸ ਵੱਲੋਂ ਬਣਾਈਆਂ ਗਈਆਂ ਵੀਡੀਓਜ਼ ਡਿਲੀਟ ਕਰ ਦਿੱਤੀਆਂ ਗਈਆਂ।
ਵਲੌਗਰ ਮੁਤਾਬਕ, ਇਸ ਤੋਂ ਬਾਅਦ ਪਹਿਰੇਦਾਰ ਉਸ ਨੂੰ ਇੱਕ ਕਮਰੇ ਵਿੱਚ ਲੈ ਗਏ, ਜਿੱਥੇ ਮੌਜੂਦ ਨਿਹੰਗ ਸਿੰਘਾਂ ਨੇ ਉਸ ਨੂੰ ਜ਼ਬਰਦਸਤੀ ਪੈਰੀਂ ਪੈਣ ਲਈ ਮਜਬੂਰ ਕੀਤਾ। ਨੌਜਵਾਨ ਨੇ ਆਪਣੇ ਵੀਡੀਓ ਵਿੱਚ ਇਸ ਘਟਨਾ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣਾ ਸਭ ਤੋਂ ਮਾੜਾ ਤਜਰਬਾ ਦੱਸਿਆ। ਉਸ ਨੇ ਅੰਮ੍ਰਿਤਸਰ ਆਉਣ ਵਾਲੇ ਸੈਲਾਨੀਆਂ ਨੂੰ ਵੀ ਇਸ ਸਬੰਧੀ ਚੌਕਸ ਰਹਿਣ ਦੀ ਸਲਾਹ ਦਿੱਤੀ।
ਦੂਜੇ ਪਾਸੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦਾ ਕਹਿਣਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀਡੀਓਗ੍ਰਾਫੀ ਕਰਨ ਦੀ ਮਨਾਹੀ ਹੈ। ਜੇਕਰ ਕੋਈ ਵਿਅਕਤੀ ਨਿਯਮਾਂ ਦੀ ਉਲੰਘਣਾ ਕਰਦਿਆਂ ਵੀਡੀਓ ਬਣਾਉਂਦਾ ਪਾਇਆ ਜਾਂਦਾ ਹੈ ਤਾਂ ਪਹਿਰੇਦਾਰ ਉਸ ਨੂੰ ਰੋਕਦੇ ਹਨ। ਹਾਲਾਂਕਿ, ਕਮੇਟੀ ਅਨੁਸਾਰ ਪਹਿਰੇਦਾਰਾਂ ਵੱਲੋਂ ਕੁੱਟਮਾਰ ਨਹੀਂ ਕੀਤੀ ਜਾਂਦੀ। ਫਿਲਹਾਲ, ਨੌਜਵਾਨ ਵੱਲੋਂ ਲਾਏ ਗਏ ਦੋਸ਼ਾਂ ਅਤੇ ਘਟਨਾ ਦੇ ਪੂਰੇ ਵੇਰਵਿਆਂ ਦੀ ਸੁਤੰਤਰ ਪੁਸ਼ਟੀ ਸਾਹਮਣੇ ਨਹੀਂ ਆਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























