ਵੀਅਤਨਾਮ ਦੀ ਰਾਜਧਾਨੀ ‘ਚ ਜ਼ਬਰਦਸਤ ਧਮਾਕਾ; ਕਈ ਲੋਕਾਂ ਦੀ ਮੌਤ
– ਮਲਬੇ ਹੇਠ ਦਬੇ ਲੋਕਾਂ ਦੀ ਭਾਲ ਜਾਰੀ
ਨਵੀ ਦਿੱਲੀ, 24 ਨਵੰਬਰ 2026 (ਵਿਸ਼ਵ ਵਾਰਤਾ): ਵੀਅਤਨਾਮ ਦੀ ਰਾਜਧਾਨੀ ਹਨੋਈ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਹਨੋਈ ਦੇ ਇੱਕ ਹੌਟਪੌਟ ਰੈਸਟੋਰੈਂਟ ਵਿੱਚ ਜ਼ੋਰਦਾਰ ਧਮਾਕਾ ਹੋ ਗਿਆ। ਇਸ ਧਮਾਕੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।
ਘਟਨਾ ਤੋਂ ਬਾਅਦ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਦਕਿ ਮਲਬੇ ਹੇਠੋਂ ਲੋਕਾਂ ਨੂੰ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ। ਘਟਨਾ ਦੀ ਸੀ.ਸੀ.ਟੀ.ਵੀ. (CCTV) ਫੁਟੇਜ ਵੀ ਸਾਹਮਣੇ ਆ ਰਹੀ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਧਮਾਕਾ ਬਹੁਤ ਹੀ ਜ਼ੋਰਦਾਰ ਸੀ। ਧਮਾਕੇ ਕਾਰਨ ਆਲੇ-ਦੁਆਲੇ ਦੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।
ਧਮਾਕੇ ਤੋਂ ਬਾਅਦ ਰੈਸਟੋਰੈਂਟ ਦਾ ਇੱਕ ਹਿੱਸਾ ਵੀ ਢਹਿ-ਢੇਰੀ ਹੋ ਗਿਆ। ਪੁਲਿਸ ਅਤੇ ਬਚਾਅ ਦਲ ਮਲਬੇ ਹੇਠ ਦੱਬੇ ਲੋਕਾਂ ਦੀ ਭਾਲ ਕਰ ਰਹੇ ਹਨ। ਮੁੱਢਲੀ ਜਾਂਚ ਵਿੱਚ ਗੈਸ ਲੀਕ ਹੋਣ ਕਾਰਨ ਧਮਾਕਾ ਹੋਣ ਦਾ ਖਦਸ਼ਾ ਜਤਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਰੈਸਟੋਰੈਂਟ ਵਿੱਚ ਧਮਾਕਾ ਸਵੇਰੇ ਕਰੀਬ 8 ਵਜੇ ਡੋਂਗ ਦਾ (Dong Da) ਸਟ੍ਰੀਟ ‘ਤੇ ਬਣੇ ਇੱਕ ਹੌਟਪੌਟ ਰੈਸਟੋਰੈਂਟ ਵਿੱਚ ਹੋਇਆ। ਇਸ ਦੌਰਾਨ ਆਲੇ-ਦੁਆਲੇ ਦੀਆਂ ਇਮਾਰਤਾਂ ਵੀ ਹਿੱਲ ਗਈਆਂ। ਕਈ ਇਮਾਰਤਾਂ ਦੀਆਂ ਛੱਤਾਂ ਅਤੇ ਦੁਕਾਨਾਂ ਦੇ ਸ਼ੈੱਡ ਵੀ ਟੁੱਟ ਗਏ।
ਧਮਾਕੇ ਤੋਂ ਬਾਅਦ ਪੁਲਿਸ ਅਤੇ ਬਚਾਅ ਦਲ ਮੌਕੇ ‘ਤੇ ਪਹੁੰਚੇ। ਬਚਾਅ ਕਰਮੀ ਖ਼ਾਸ ਉਪਕਰਨਾਂ ਅਤੇ ਖੋਜੀ ਕੁੱਤਿਆਂ ਦੀ ਮਦਦ ਨਾਲ ਮਲਬੇ ਹੇਠ ਲੋਕਾਂ ਦੀ ਭਾਲ ਕਰ ਰਹੇ ਹਨ। ਕੰਕਰੀਟ ਦੇ ਭਾਰੀ ਟੁਕੜੇ ਹਟਾਉਣ ਲਈ ਹਾਈਡ੍ਰੌਲਿਕ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੂੰ ਖਦਸ਼ਾ ਹੈ ਕਿ ਕੁਝ ਲੋਕ ਅਜੇ ਵੀ ਮਲਬੇ ਹੇਠ ਦੱਬੇ ਹੋ ਸਕਦੇ ਹਨ। ਆਲੇ-ਦੁਆਲੇ ਦੀਆਂ ਕਮਜ਼ੋਰ ਇਮਾਰਤਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੀ ਸੁਰੱਖਿਆ ਦੇ ਮੱਦੇਨਜ਼ਰ ਦੂਜੀ ਥਾਂ ‘ਤੇ ਪਹੁੰਚਾਇਆ ਗਿਆ ਹੈ।























