Punjab: ਲੇਡੀ ਕਾਂਸਟੇਬਲ ਅਮਨਦੀਪ ਕੌਰ ਦਾ ਵਕੀਲ ਬਣ ਕੇ ਹਾਈਕੋਰਟ ਕੇਸ ਲੜ੍ਹ ਰਿਹਾ ਕਾਂਗਰਸ ਪਾਰਟੀ ਦਾ ਮੁੱਖ ਬੁਲਾਰਾ?
BJP ਆਗੂ ਨੇ ਚੁੱਕੇ ਸਵਾਲ

ਚੰਡੀਗੜ੍ਹ, 23 ਜੁਲਾਈ (ਵਿਸ਼ਵ ਵਾਰਤਾ): ਪੰਜਾਬ (Punjab) ਭਾਜਪਾ ਦੇ ਮੀਡੀਆ ਇੰਚਾਰਜ ਵਿਨੀਤ ਜੋਸ਼ੀ ਨੇ ਨਸ਼ਾ ਤਸਕਰੀ ਮਾਮਲੇ ‘ਚ ਗਿਰਫ਼ਤਾਰ ਲੇਡੀ ਕਾਂਸਟੇਬਲ ਅਮਨਦੀਪ ਕੌਰ ਦੇ ਮਾਮਲੇ ਨੂੰ ਲੈ ਕੇ ਕਾਂਗਰਸ ਪਾਰਟੀ ਨੂੰ ਘੇਰਿਆ ਹੈ। ਵਿਨੀਤ ਜੋਸ਼ੀ ਵੱਲੋਂ ਕੀਤੇ ਤਾਜ਼ਾ ਟਵੀਟ ਨੇ ਇਕ ਨਵੀ ਹੀ ਚਰਚਾ ਛੇੜ ਦਿੱਤੀ ਹੈ। ਭਾਜਪਾ ਦੇ ਵਿਨੀਤ ਜੋਸ਼ੀ ਨੇ ਟਵੀਟ ਕਰ ਕਿਹਾ ਕਿ ” ਜੋ ਕਹਿੰਦੇ ਸੀ ਅਸੀਂ ਨਸ਼ਾ ਖ਼ਤਮ ਕਰਾਂਗੇ, ਹੁਣ ਖੁਦ ਨਸ਼ਾ ਤਸਕਰਾਂ ਦੇ ਰਖਵਾਲੇ ਬਣ ਗਏ; ਪੰਜਾਬ ਵਿੱਚੋਂ ਨਸ਼ੇ ਖ਼ਤਮ ਕਰਨ ਦੇ ਵੱਡੇ ਵੱਡੇ ਬਿਆਨ ਦੇਣ ਵਾਲੀ ਕਾਂਗਰਸ ਪਾਰਟੀ ਦਾ ਆਪਣਾ ਮੁੱਖ ਬੁਲਾਰਾ ਐਡਵੋਕੇਟ ਅਰਸ਼ਦੀਪ ਖਡਿਆਲ ਬਠਿੰਡੇ ਚਿੱਟੇ ਨਾਲ ਫੜ੍ਹੀ ਗਈ ਮਸ਼ਹੂਰ ਬੀਬੀ ਲੇਡੀ ਕਾਂਸਟੇਬਲ ਅਮਨਦੀਪ ਕੌਰ ਦਾ ਵਕੀਲ ਬਣ ਕੇ ਹਾਈਕੋਰਟ ਕੇਸ ਲੜ੍ਹ ਰਿਹਾ। ਜਿਸ ਕਾਂਗਰਸ ਪਾਰਟੀ ਦੇ ਆਪਣੇ ਆਗੂ ਹੀ ਨਸ਼ਾ ਤਸਕਰਾਂ ਦੇ ਰਖਵਾਲੇ ਬਣ ਗਏ… ਫਿਰ ਪੰਜਾਬੀਆਂ ਨਾਲ ਨਸ਼ਾ ਮੁਕਤੀ ਦੇ ਵਾਅਦੇ ਕਿਹੜੇ ਮੂੰਹ ਨਾਲ ਕਰ ਰਹੇ।”

ਦੱਸ ਦਈਏ ਕਿ ਨਸ਼ਾ ਤਸਕਰੀ ਦੇ ਮਾਮਲੇ ਕਾਰਨ ਲੇਡੀ ਕਾਂਸਟੇਬਲ ਅਮਨਦੀਪ ਕੌਰ ਉਸ ਵੇਲੇ ਚਰਚਾ ‘ਚ ਆਈ ਜਦੋਂ 2 ਅਪ੍ਰੈਲ 2025 ਨੂੰ ਉਹ ਬਠਿੰਡਾ ਵਿੱਚ ਇੱਕ ਕਾਲੀ ਮਹਿੰਦਰਾ ਥਾਰ ਗੱਡੀ ‘ਚੋਂ 17.71 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਹੋਈ ਸੀ। ਉਸੇ ਦਿਨ ਉਸਨੂੰ ਸਸਪੈਂਡ ਕਰਕੇ ਨੌਕਰੀ ਤੋਂ ਬਰਖਾਸਤ ਵੀ ਕਰ ਦਿੱਤਾ ਗਿਆ ਪਰ 2 ਮਈ ਨੂੰ ਅਮਨਦੀਪ ਕੌਰ ਨੂੰ ਜ਼ਮਾਨਤ ਮਿਲ ਗਈ।
ਇਸ ਤੋਂ ਬਾਅਦ 26 ਮਈ ਨੂੰ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਅਮਨਦੀਪ ਕੌਰ ਨੂੰ ਫੇਰ ਗ੍ਰਿਫ਼ਤਾਰ ਕੀਤਾ। ਹੁਣ ਤਕ ਅਮਨਦੀਪ ਦੀ ਕੁੱਲ 1.35 ਕਰੋੜ ਦੀ ਜਾਇਦਾਦ ਫ੍ਰੀਜ਼ ਕੀਤੀ ਜਾ ਚੁੱਕੀ ਹੈ। ਬੀਤੇ ਦਿਨੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਮਨਦੀਪ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਵਾਲੇ ਮਾਮਲੇ ਵਿੱਚ ਦਾਇਰ ਕੀਤੀ ਜ਼ਮਾਨਤ ਯਾਚਿਕਾ ਨੂੰ ਖਾਰਜ ਕਰ ਦਿੱਤਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/





















