Punjab: ਆਸਟ੍ਰੇਲੀਆਈ ਮਹਿਲਾ ਨੇ ਲੁਧਿਆਣਾ ’ਚ ਕਰਵਾਈ ਆਰਮ ਲਿਫਟ ਸਰਜਰੀ
ਲੁਧਿਆਣਾ, 11 ਸਤੰਬਰ (ਵਿਸ਼ਵ ਵਾਰਤਾ): ਆਸਟ੍ਰੇਲੀਆ ਵਿੱਚ ਕਾਸਮੈਟਿਕ ਸਰਜਰੀ ਲਈ ਲੰਬੀ ਉਡੀਕ ਅਤੇ ਲੱਖਾਂ ਰੁਪਏ ਦੇ ਖਰਚ ਕਾਰਨ ਬ੍ਰਿਸਬੇਨ ਦੀ ਰਹਿਣ ਵਾਲੀ ਐਨੀ ਇਲਾਜ ਲਈ ਲੁਧਿਆਣਾ ਪਹੁੰਚੀ। ਉਨ੍ਹਾਂ ਨੇ ਇੱਥੇ ਬਾਂਹਾਂ ਦੀ ਵਾਧੂ ਅਤੇ ਢਿੱਲੀ ਚਮੜੀ ਹਟਾਉਣ ਲਈ ਆਰਮ ਲਿਫਟ (ਬ੍ਰੈਕੀਓਪਲਾਸਟੀ) ਸਰਜਰੀ ਕਰਵਾਈ। ਐਨੀ ਮੁਤਾਬਕ, ਆਸਟ੍ਰੇਲੀਆ ਵਿੱਚ ਇਸ ਪ੍ਰਕਿਰਿਆ ’ਤੇ 30 ਹਜ਼ਾਰ ਆਸਟ੍ਰੇਲੀਅਨ ਡਾਲਰ ਤੋਂ ਵੱਧ, ਯਾਨੀ ਕਰੀਬ ₹20 ਲੱਖ ਖਰਚ ਆਉਣਾ ਸੀ। ਇਸ ਦੇ ਮੁਕਾਬਲੇ ਲੁਧਿਆਣਾ ਵਿੱਚ ਉਨ੍ਹਾਂ ਦੀ ਸਰਜਰੀ ਕਰੀਬ ₹5 ਲੱਖ ਵਿੱਚ ਹੋਈ। ਇਸ ਰਕਮ ਵਿੱਚ ਸਰਜਰੀ ਦੇ ਨਾਲ ਰਹਿਣ ਅਤੇ ਖਾਣ-ਪੀਣ ਦਾ ਖਰਚ ਵੀ ਸ਼ਾਮਲ ਸੀ।
ਐਨੀ ਆਸਟ੍ਰੇਲੀਆ ਦੇ ਬ੍ਰਿਸਬੇਨ ਵਿੱਚ ਕੋਇਲਾ ਖਾਣ ਵਿੱਚ ਟਰੱਕ ਡਰਾਈਵਰ ਵਜੋਂ ਕੰਮ ਕਰਦੀ ਹੈ। ਉਹ ਆਪਣੇ ਪਤੀ ਡੇਵਿਡ ਨਾਲ ਸਰਜਰੀ ਲਈ ਲੁਧਿਆਣਾ ਆਈ। ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਵਿੱਚ ਸਰਜਰੀ ਲਈ ਲੰਬੀ ਵੈਟਿੰਗ ਤੋਂ ਇਲਾਵਾ ਸਿਹਤ ਨਾਲ ਜੁੜੀਆਂ ਕੁਝ ਸਮੱਸਿਆਵਾਂ ਕਾਰਨ ਵੀ ਇਲਾਜ ਕਰਵਾਉਣਾ ਆਸਾਨ ਨਹੀਂ ਸੀ। ਐਨੀ ਨੂੰ ਦਿਲ ਨਾਲ ਜੁੜੀ ਮਾਮੂਲੀ ਸਮੱਸਿਆ ਅਤੇ ਥਾਇਰਾਇਡ ਦੀ ਪਰੇਸ਼ਾਨੀ ਸੀ। ਉਨ੍ਹਾਂ ਮੁਤਾਬਕ ਆਸਟ੍ਰੇਲੀਆ ਦੇ ਡਾਕਟਰ ਉਨ੍ਹਾਂ ਦਾ ਕੇਸ ਲੈਣ ਨੂੰ ਲੈ ਕੇ ਜ਼ਿਆਦਾ ਉਤਸ਼ਾਹਿਤ ਨਹੀਂ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਵੀਅਤਨਾਮ, ਤੁਰਕੀਏ ਅਤੇ ਥਾਈਲੈਂਡ ਵਿੱਚ ਵੀ ਇਲਾਜ ਦੇ ਵਿਕਲਪ ਤਲਾਸ਼ੇ, ਪਰ ਉੱਥੇ ਵੀ ਖਰਚ ਕਾਫੀ ਜ਼ਿਆਦਾ ਸੀ।
ਐਨੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਦੰਦਾਂ ਦਾ ਇਲਾਜ ਕਰਵਾਉਣ ਲਈ ਤੁਰਕੀਏ ਗਈ ਸੀ, ਪਰ ਉੱਥੇ ਦਾ ਤਜਰਬਾ ਚੰਗਾ ਨਹੀਂ ਰਿਹਾ। ਇਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਵਿੱਚ ਇਲਾਜ ਕਰਵਾਇਆ, ਜਿੱਥੇ ਤਜਰਬਾ ਬਿਹਤਰ ਰਿਹਾ। ਇਸ ਤੋਂ ਬਾਅਦ ਉਨ੍ਹਾਂ ਨੇ ਭਾਰਤ ਵਿੱਚ ਹੋਰ ਮੈਡੀਕਲ ਸਹੂਲਤਾਂ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ। ਇੰਟਰਨੈੱਟ ਰਾਹੀਂ ਉਨ੍ਹਾਂ ਦਾ ਸੰਪਰਕ ਸੀਨੀਅਰ ਪਲਾਸਟਿਕ ਸਰਜਨ ਡਾ. ਵਿਕਾਸ ਗੁਪਤਾ ਨਾਲ ਹੋਇਆ। ਟੈਲੀ-ਕੰਸਲਟੇਸ਼ਨ ਦੌਰਾਨ ਮੈਡੀਕਲ ਰਿਪੋਰਟਾਂ ਅਤੇ ਸਿਹਤ ਸਬੰਧੀ ਜਾਣਕਾਰੀ ਦੇਖਣ ਤੋਂ ਬਾਅਦ ਡਾਕਟਰ ਨੇ ਉਨ੍ਹਾਂ ਨੂੰ ਲੁਧਿਆਣਾ ਆ ਕੇ ਸਿੱਧੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ। ਐਨੀ ਨੇ ਕਿਹਾ ਕਿ ਸਰਜਰੀ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਸਕਾਰਾਤਮਕ ਬਦਲਾਅ ਮਹਿਸੂਸ ਹੋ ਰਿਹਾ ਹੈ।
ਡਾ. ਵਿਕਾਸ ਗੁਪਤਾ ਨੇ ਕਿਹਾ ਕਿ ਕਈ ਦੇਸ਼ਾਂ ਵਿੱਚ ਆਧੁਨਿਕ ਮੈਡੀਕਲ ਪ੍ਰਕਿਰਿਆਵਾਂ ਦਾ ਖਰਚ ਕਾਫੀ ਜ਼ਿਆਦਾ ਹੈ ਅਤੇ ਮਰੀਜ਼ਾਂ ਨੂੰ ਲੰਬੇ ਸਮੇਂ ਤੱਕ ਉਡੀਕ ਵੀ ਕਰਨੀ ਪੈਂਦੀ ਹੈ। ਪੰਜਾਬ ਵਿੱਚ ਯੋਗ ਡਾਕਟਰਾਂ ਅਤੇ ਆਧੁਨਿਕ ਸਿਹਤ ਸਹੂਲਤਾਂ ਕਾਰਨ ਕਈ ਮਾਹਿਰ ਇਲਾਜ ਤੁਲਨਾਤਮਕ ਤੌਰ ’ਤੇ ਘੱਟ ਲਾਗਤ ’ਤੇ ਉਪਲਬਧ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ੀ ਮਰੀਜ਼ਾਂ ਲਈ ਸਿਰਫ਼ ਇਲਾਜ ਉਪਲਬਧ ਕਰਵਾਉਣਾ ਕਾਫੀ ਨਹੀਂ ਹੈ। ਯਾਤਰਾ, ਰਹਿਣ-ਸਹਿਣ, ਸਥਾਨਕ ਆਵਾਜਾਈ, ਸਪੱਸ਼ਟ ਸੰਚਾਰ ਅਤੇ ਸਰਜਰੀ ਤੋਂ ਬਾਅਦ ਭਰੋਸੇਮੰਦ ਦੇਖਭਾਲ ਵੀ ਜ਼ਰੂਰੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























