ਆਤਿਸ਼ਬਾਜ਼ੀ ਤੋਂ ਬਾਅਦ ਹਵਾ ‘ਚ ਘੁਲਿਆ ‘ਜ਼ਹਿਰ’
– ਪੰਜਾਬ-ਹਰਿਆਣਾ ਦੇ ਕਈ ਖੇਤਰਾਂ ‘ਚ AQI ‘ਮਾੜੀ’ ਅਤੇ ‘ਬਹੁਤ ਮਾੜੀ’ ਸ਼੍ਰੇਣੀ ‘ਚ
ਚੰਡੀਗੜ੍ਹ,1 ਨਵੰਬਰ (ਵਿਸ਼ਵ ਵਾਰਤਾ): ਪੰਜਾਬ-ਹਰਿਆਣਾ ਦੇ ਕਈ ਖੇਤਰਾਂ ਵਿੱਚ 31 ਅਕਤੂਬਰ ਦੀ ਰਾਤ ਨੂੰ ਹੋਈ ਆਤਿਸ਼ਬਾਜ਼ੀ ਤੋਂ ਬਾਅਦ ਹਵਾ ਗੁਣਵੱਤਾ ਸੂਚਕ ਅੰਕ (AQI ) ‘ਮਾੜੀ’ ਅਤੇ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੀ ਕਈ ਥਾਵਾਂ ‘ਤੇ AQI ‘ਮਾੜੀ’ ਸ਼੍ਰੇਣੀ ਵਿੱਚ ਰਿਹਾ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਸਮੀਰ ਐਪ ਦੁਆਰਾ ਹਰ ਘੰਟੇ ਦੇ ਆਧਾਰ ‘ਤੇ ਜਾਰੀ ਕੀਤੇ ਗਏ ਰਾਸ਼ਟਰੀ AQI ਦੇ ਅਨੁਸਾਰ, ਵੀਰਵਾਰ ਨੂੰ ਰਾਤ 11 ਵਜੇ, AQI ਹਰਿਆਣਾ ਦੇ ਗੁਰੂਗ੍ਰਾਮ ਵਿੱਚ 322, ਜੀਂਦ ਵਿੱਚ 336 ਅਤੇ ਚਰਖੀ ਦਾਦਰੀ ਵਿੱਚ 306 ਦਰਜ ਕੀਤਾ ਗਿਆ। ਜਦਕਿ ਚੰਡੀਗੜ੍ਹ ਦਾ AQI 239 ਦਰਜ ਕੀਤਾ ਗਿਆ। ਪੰਜਾਬ ਦੇ ਜਲੰਧਰ (Punjab AQI) ਵਿੱਚ ਰਾਤ 11 ਵਜੇ ਹਵਾ ਗੁਣਵੱਤਾ ਸੂਚਕ ਅੰਕ 256, ਲੁਧਿਆਣਾ ਵਿੱਚ 234, ਮੰਡੀ ਗੋਬਿੰਦਗੜ੍ਹ ਵਿੱਚ 266 ਅਤੇ ਪਟਿਆਲਾ ਵਿੱਚ 244 ਸੀ।
ਇਸ ਤੋਂ ਇਲਾਵਾ ਰਾਜਧਾਨੀ ਦਿੱਲੀ ਦੀ ਹਵਾ ਵੀ ਇੱਕ ਵਾਰ ਫਿਰ ਜ਼ਹਿਰੀਲੀ ਹੋ ਗਈ ਹੈ। 31 ਅਕਤੂਬਰ ਨੂੰ ਸ਼ਾਮ 5 ਵਜੇ ਰੀਅਲ ਟਾਈਮ ਏਅਰ ਕੁਆਲਿਟੀ ਇੰਡੈਕਸ (AQI) 186 ਦਰਜ ਕੀਤਾ ਗਿਆ ਸੀ। ਜੋ ਕਿ ਦੇਰ ਰਾਤ 400 ਨੂੰ ਪਾਰ ਕਰ ਗਿਆ। ਦਿੱਲੀ AQI 1 ਨਵੰਬਰ ਨੂੰ ਸਵੇਰੇ 391 ਦਰਜ ਕੀਤਾ ਗਿਆ ਸੀ। ਕੁਝ ਘੰਟਿਆਂ ਵਿੱਚ ਹੀ ਦਿੱਲੀ ਦੀ ਹਵਾ ਆਮ ਸ਼੍ਰੇਣੀ ਤੋਂ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਚਲੀ ਗਈ ਹੈ।