PUNJAB : ਮਸਤੂਆਣਾ ਸਾਹਿਬ ਵਿਖੇ 16-17 ਨਵੰਬਰ ਨੂੰ ਹੋਣ ਵਾਲੀ ਪਹਿਲੀ ਬਾਲ ਲੇਖਕ ਵਿਸ਼ਵ ਪੰਜਾਬੀ ਕਾਨਫਰੰਸ ਨਵਾਂ ਯੁਗ ਸਿਰਜੇਗੀ – ਡਾ. ਸ ਪ ਸਿੰਘ, ਸੁੱਖੀ ਬਾਠ
ਲੁਧਿਆਣਾਃ 27 ਅਗਸਤ(ਵਿਸ਼ਵ ਵਾਰਤਾ)PUNJAB-ਬੀਤੀ ਸ਼ਾਮ ਲੁਧਿਆਣਾ ਦੇ ਜੀ ਜੀ ਐੱਨ ਖਾਲਸਾ ਕਾਲਿਜ ਦੇ ਗੁਰੂ ਨਾਨਕ ਆਡੀਟੋਰੀਅਮ ਵਿੱਚ ਪੰਜਾਬ ਭਵਨ ਸਰੀ(ਕੈਨੇਡਾ) ਵੱਲੋ ਬਾਲ ਸਾਹਿਤ ਵਿਸ਼ਵ ਕਾਨਫਰੰਸ ਮਸਤੂਆਣਾ ਸਾਹਿਬ(ਸੰਗਰੂਰ) ਦੇ ਸਬੰਧ ਵਿੱਚ ਪੰਜਾਬ , ਰਾਜਿਸਥਾਨ ਤੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਪ੍ਰਬੰਧਕਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਤੇ ਕਾਲਿਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਸ ਪ ਸਿੰਘ ਨੇ ਕਿਹਾ ਹੈ ਕਿ ਇਹ ਬਾਲ ਲੇਖਕ ਵਿਸ਼ਵ ਕਾਨਫਰੰਸ ਨਵਾਂ ਇਤਿਹਾਸ ਸਿਰਜੇਗੀ। ਉਨ੍ਹਾਂ ਕਿਹਾ ਕਿ ਇਸ ਕਾਲਿਜ ਨੇ ਹੀ ਪੰਜਾਬ ਭਵਨ ਸਰੀ ਨਾਲ ਇਕੱਠੇ ਤੁਰਨ ਦਾ ਅਹਿਦਨਾਮਾ ਲਿਖਿਆ ਸੀ। ਇਹ ਅਹਿਦ ਪਿਛਲੇ ਅੱਠ ਸਾਲ ਤੋਂ ਲਗਾਤਾਰ ਨਿਭ ਰਿਹਾ ਹੈ।
ਪੰਜਾਬ ਭਵਨ ਸਰੀ ਦੇ ਬਾਨੀ ਸੁੱਖੀ ਬਾਠ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 2016 ਵਿੱਚ ਪੰਜਾਬ ਭਵਨ ਦਾ ਬੂਟਾ ਪੰਜਾਬ ਤੋਂ ਬਾਹਰ ਸਮੁੰਦਰੋਂ ਪਾਰ ਧਰਤੀ ਤੇ ਪੂਰੇ ਵਿਸ਼ਵ ਵਿੱਚ ਸਭ ਤੋਂ ਪਹਿਲਾਂ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਪ੍ਰੇਰਨਾ ਤੇ ਡਾ. ਸ ਪ ਸਿੰਘ ਜੀ ਦੀ ਅਗਵਾਈ ਨਾਲ ਲਾਇਆ ਸੀ ਜਿਸ ਦਾ ਆਰੰਭ 2ਅਕਤੂਬਰ 2016 ਨੂੰ ਕੀਤਾ ਗਿਆ ਸੀ। ਹੁਣ ਇਹ ਪੰਜਾਬ ਭਵਨ ਆਪਣੀਆਂ ਸੇਵਾਵਾਂ ਤੇ ਸਰਗਰਮੀਆਂ ਕਾਰਨ ਪੂਰੇ ਗਲੋਬ ਤੇ ਫ਼ੈਲ ਗਿਆ ਹੈ। ਬਾਲ ਸਾਹਿੱਤ ਸਿਰਜਣ ਅਤੇ ਨਵੀਂ ਪਨੀਰੀ ਨੂੰ ਪੂਰੇ ਵਿਸ਼ਵ ਵਿੱਚ ਪੰਜਾਬੀ ਭਾਸ਼ਾ ਤੇ ਸਾਹਿੱਤ ਨਾਲ ਜੋੜਨ ਲਈ “ਨਵੀਆਂ ਕਲਮਾਂ ਨਵੀਂ ਉਡਾਣ “ ਪ੍ਰਾਜੈਕਟ ਅਧੀਨ ਹੁਣ ਤੀਕ 35 ਤੋਂ ਵੱਧ ਬਾਲ ਪੁਸਤਕਾਂ ਛਾਪੀਆਂ ਜਾ ਚੁਕੀਆਂ ਹਨ ਅਤੇ ਬਾਕੀ ਇਕਾਈਆਂ ਵੱਲੋਂ ਇਹ ਕਾਰਜ ਜਾਰੀ ਹੈ। ਉਨ੍ਹਾਂ ਕਿਹਾ ਕਿ ਅਕਾਲ ਕਾਲਿਜ ਕੌਂਸਿਲ ਦੇ ਭਰਪੂਰ ਸਹਿਯੋਗ ਨਾਲ ਸੰਤ ਤੇਜਾ ਸਿੰਘ ਹਾਲ , ਅਕਾਲ ਕਾਲਿਜ ਆਫ਼ ਫ਼ਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ 16-17 ਨਵੰਬਰ ਨੂੰ ਕਰਵਾਈ ਜਾ ਰਹੀ ਪਹਿਲੀ ਬਾਲ ਲੇਖਕ ਅੰਤਰ ਰਾਸ਼ਟਰੀ ਕਾਨਫਰੰਸ ਵਿੱਚ ਵੀਹ ਵੰਨਗੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਲਗ ਪਗ 9 ਲੱਖ ਰੁਪਏ ਦੇ ਨਕਦ ਪੁਰਸਕਾਰ ਤੇ ਸਨਮਾਨ ਚਿੰਨ੍ਹ ਭੇਂਟ ਕੀਤੇ ਜਾਣਗੇ।
ਇਹ ਵਿਸ਼ਵ ਦੀ ਪਹਿਲੀ ਬਾਲ ਲੇਖਕ ਕਾਨਫਰੰਸ ਹੋਵੇਗੀ,ਜਿਸ ਵਿਚ ਬਾਲ ਲੇਖਕਾਂ ਨੂੰ ਸ਼੍ਰੋਮਣੀ ਐਵਾਰਡ ਦਿੱਤੇ ਜਾਣਗੇ।
ਇਸ ਮੌਕੇ ਕੀਤੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁੱਖੀ ਬਾਠ ਨੇ ਦੱਸਿਆ ਕਿ “ਨਵੀਆਂ ਕਲਮਾਂ ਨਵੀਂ ਉਡਾਣ” ਪ੍ਰੋਜੈਕਟ ਦੇ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਅਤੇ ਉਸ ਦੀ ਟੀਮ ਸਦਕਾ ਪੰਜਾਬ ਤੋਂ ਇਲਾਵਾ ਰਾਜਸਥਾਨ ਵਿੱਚ ਵੀ ਬਾਲ ਸਾਹਿੱਤ ਦੇ ਦੋ ਭਾਗ ਪ੍ਰਕਾਸ਼ਿਤ ਕਰਕੇ ਗੰਗਾ ਨਗਰ ਵਿਖੇ ਡਾ. ਨਵਦੀਪ ਕੌਰ ਅਤੇ ਟੀਮ ਦੀ ਮਦਦ ਨਾਲ ਲੋਕ ਅਰਪਣ ਹੋ ਚੁੱਕੇ ਹਨ। ਅਗਲੇ ਦਿਨਾਂ ਵਿੱਚ ਪਾਕਿਸਤਾਨ ਸਮੇਤ 100 ਦੇ ਕਰੀਬ ਹੋਰ ਕਿਤਾਬਾਂ ਛਪਣ ਦਾ ਅਨੁਮਾਨ ਹੈ। ਇਸ ਤਹਿਤ ਪ੍ਰਾਇਮਰੀ ਪੱਧਰ ਦੀ ਕਿਤਾਬ ਵੀ ਵੱਖਰੇ ਤੌਰ ਤੇ ਛਾਪੀ ਗਈ ਹੈ ।
ਪੰਜਾਬ ਭਵਨ ਸਰੀ ਵੱਲੋਂ ਆਉਣ ਵਾਲੇ ਸਮੇਂ ਚ ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਰਾਜ ਅੰਦਰ ਵੀ ਬਾਲ ਲੇਖਕਾਂ ਦੀਆਂ ਪੁਸਤਕਾਂ ਛਪਣ ਲਈ ਲਗਪਗ ਤਿਆਰ ਹਨ । ਇਸੇ ਲੜੀ ਤਹਿਤ ਅੰਤਰਰਾਸ਼ਟਰੀ ਪੱਧਰ ਤੇ ਕੈਨੇਡਾ, ਇਟਲੀ,ਆਸਟ੍ਰੇਲੀਆ ਇੰਗਲੈਂਡ ਅਤੇ ਪਾਕਿਸਤਾਨ ਵਿੱਚ ਵੀ ਜਲਦੀ ਹੀ ਕਿਤਾਬਾਂ ਛਾਪ ਰਹੇ ਹਾਂ । ਇਸ ਸੰਸਥਾ ਵੱਲੋਂ ਸਾਂਝਾ ਟੀ ਵੀ ਕੈਨੇਡਾ ਤੇ ਚੜ੍ਹਦੀ ਕਲਾ ਟਾਈਮ ਟੀਵੀ ਚੈਨਲ ਨਾਲ ਤਾਲਮੇਲ ਕਰਕੇ ਬਾਲ ਲੇਖਕਾਂ ਦੀਆਂ ਰਚਨਾਵਾਂ ਨੂੰ ਰਿਕਾਰਡ ਕਰਨ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਤੇ ਲੇਖਕ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਪੰਜਾਬ ਭਵਨ ਸਰੀ(ਕੈਨੇਡਾ) ਵੱਲੋਂ ਕੀਤੇ ਉੱਦਮ ਦੀ ਸ਼ਲਾਘਾ ਕਰਦਿਆਂ ਕੁਝ ਸੁਝਾਅ ਦਿੱਤੇ ਕਿ ਬਾਲ ਸਾਹਿੱਤ ਨੂੰ ਸਚਿੱਤਰ ਕਰਵਾ ਕੇ ਇਸ ਦੀ ਸੌਫਟ ਕਾਪੀ ਪੰਜਾਬ ਭਵਨ ਵੈੱਬਸਾਈਟ ਦੇ ਨਾਲ ਨਾਲ ਹੋਰ ਪਲੈਟਫਾਰਮਜ਼ ਤੇ ਵੀ ਪਾਈ ਜਾਵੇ। ਉਨ੍ਹਾਂ ਕਿਹਾ ਕਿ ਹੁਣ ਤੀਕ ਲਿਖੇ ਪੰਜਾਬੀ ਬਾਲ ਸਾਹਿੱਤ ਦਾ ਸੰਗ੍ਰਹਿ ਕਰਕੇ ਉਸ ਦਾ ਬਾਲ ਸਾਹਿੱਤ ਬੈਂਕ ਸਥਾਪਤ ਕਰਨ ਦੀ ਲੋੜ ਹੈ ਤਾਂ ਜੋ ਨਵੇਂ ਬਾਲ ਲੇਖਕ ਉਸ ਤੋਂ ਪ੍ਰੇਰਨਾ ਲੈ ਸਕਣ। ਉਨ੍ਹਾਂ ਸੁੱਖੀ ਬਾਠ ਨੂੰ ਸੁਝਾਅ ਦਿੱਤਾ ਕਿ ਜੰਗੇ ਆਜ਼ਾਦੀ ਦੇ ਨੌਜਵਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਸਦੇ 6 ਹੋਰ ਸ਼ਹੀਦ ਸਾਥੀਆਂ ਦਾ ਸ਼ਹਾਦਤ ਦਿਹਾੜਾ ਵੀ 16 ਨਵੰਬਰ ਨੂੰ ਹੈ। ਜੇ ਠੀਕ ਸਮਝੋ ਤਾਂ ਇਹ ਕਾਨਫਰੰਸ ਇਨ੍ਹਾਂ ਸੱਤ ਸੂਰਮਿਆ ਨੂੰ ਸਮਰਪਿਤ ਕੀਤੀ ਜਾਵੇ। ਇਸ ਮੌਕੇ ਸੁੱਖੀ ਬਾਠ,ਡਾ. ਸ ਪ ਸਿੰਘ, ਪ੍ਰੋ. ਗੁਰਭਜਨ ਸਿੰਘ ਗਿੱਲ, ਤ੍ਰੈਲੋਚਨ ਲੋਚੀ, ਪ੍ਰਿੰਸੀਪਲ ਡਾ. ਇਕਬਾਲ ਸਿੰਘ ਗੋਦਾਰਾ ਗੰਗਾ ਨਗਰ , ਉਂਕਾਰ ਸਿੰਘ ਤੇਜੇ ਤੇ ਹੋਰ ਪ੍ਰਬੰਧਕਾਂ ਨੇ ਦੋ ਰੋਜਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਦਾ ਜਾਣਕਾਰੀ ਕਿਤਾਬਚਾ ਵੀ ਜਾਰੀ ਕੀਤਾ ਗਿਆ।
ਦੋ ਰੋਜ਼ਾ ਅੰਤਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿੱਚ ਸ੍ਰੀ ਸੁੱਖੀ ਬਾਠ ਜੀ ਦੇ ਪਿਤਾ ਜੀ ਸਵ. ਸਰਦਾਰ ਅਰਜਨ ਸਿੰਘ ਬਾਠ ਜੀ ਦੀ ਯਾਦ ਵਿੱਚ ਸ਼੍ਰੋਮਣੀ ਬਾਲ ਲੇਖਕਾਂ ਨੂੰ ” ਸਵ. ਸਰਦਾਰ ਅਰਜਨ ਸਿੰਘ ਬਾਠ ਯਾਦਗਾਰੀ ਸ਼੍ਰੋਮਣੀ ਬਾਲ ਐਵਾਰਡ ” ਵੀ ਦਿੱਤੇ ਜਾਣਗੇ। ਅੰਤ ਵਿੱਚ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਅਤੇ ਪ੍ਰੋਜੈਕਟ ਮੀਡੀਆ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ ਵੱਲੋਂ ਸਾਰੇ ਸਹਿਯੋਗੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਇਸ ਮੌਕੇ ਜੀ ਜੀ ਐੱਨ ਖਾਲਸਾ ਕਾਲਿਜ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦਾ ਕੋਆਰਡੀਨੇਟਰ ਡਾ. ਤੇਜਿੰਦਰ ਕੌਰ, ਪੰਜਾਬੀ ਵਿਭਾਗ ਦੀ ਮੁਖੀ ਪ੍ਰੋ. ਸ਼ਰਨਜੀਤ ਕੌਰ , ਡਾ. ਗੁਰਪ੍ਰੀਤ ਸਿੰਘ ਤੇ ਕਾਲਿਜ ਸਟਾਫ਼ ਦਾ ਸੁੱਖੀ ਬਾਠ ਵੱਲੋਂ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਇਸ ਮੌਕੇ ਗੁਰਵਿੰਦਰ ਸਿੰਘ ਸਿੱਧੂ ਸਲਾਹਕਾਰ,ਬਲਜੀਤ ਸ਼ਰਮਾ ਖ਼ਜਾਨਚੀ, ਬਲਜੀਤ ਸਿੰਘ ਸੇਖਾ ਖ਼ਜਾਨਚੀ, ਜਗਜੀਤ ਸਿੰਘ ਨੌਹਰਾ ਸਲਾਹਕਾਰ, ਦਮਨਜੀਤ ਕੌਰ ਬਠਿੰਡਾ ਕੋਰ ਕਮੇਟੀ ਮੈਂਬਰ,ਮਾਸਟਰ ਲਖਵਿੰਦਰ ਸਿੰਘ ਮਲੇਰਕੋਟਲਾ, ਅਜੈ ਖਟਕੜ ਨਵਾਂਸ਼ਹਿਰ,ਬਲਜਿੰਦਰ ਕੌਰ ਕਲਸੀ,ਰਾਜਵਿੰਦਰ ਕੌਰ ਅੰਮ੍ਰਿਤਸਰ, ਡਾ. ਸੁਖਪਾਲ ਕੌਰ ਸਮਰਾਲਾ, ਡਾ. ਨਵਦੀਪ ਕੌਰ ਸਰਪੰਚ ਰਾਜਸਥਾਨ, ਨਵਜੋਤ ਕੌਰ ਬਾਜਵਾ,ਕੇਵਲ ਕੌਰ, ਸ਼ਮਸ਼ੀਲ ਸਿੰਘ ਸੋਢੀ,ਬਲਰਾਜ ਸਿੰਘ ਬਠਿੰਡਾ,ਨਿਸ਼ਾ ਰਾਣੀ,ਰਣਜੀਤ ਕੌਰ ਬਾਜਵਾ, ਸਾਹਿਬਾ ਜੀਟਨ ਕੌਰ, ਮੈਡਮ ਗੁਰਮਿੰਦਰ ਕੌਰ,ਜਸ ਸ਼ੇਰਗਿੱਲ,ਅਵਤਾਰ ਸਿੰਘ ਚੋਟੀਆਂ, ਰਸ਼ਵਿੰਦਰ ਕੌਰ ਪਟਿਆਲਾ,ਅੰਜਨਾ ਮੈਨਨ,ਮਨਦੀਪ ਕੌਰ ਭਦੌੜ,ਭੀਮ ਸਿੰਘ,ਮਨਦੀਪ ਕੌਰ ਜੱਸੀ, ਡਾ. ਅਮਰਜੋਤੀ ਮਾਂਗਟ, ਡਾ. ਨਿਰਮ ਜੋਸਨ, ਗੌਰਵਮੀਤ ਸਿੰਘ ਆਦਿ ਪ੍ਰਬੰਧਕ ਵੀ ਹਾਜ਼ਰ ਸਨ।