PUNJAB : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅੱਜ ਤੋਂ ਬੈਠਣਗੇ ਮਰਨ ਵਰਤ ‘ਤੇ
ਚੰਡੀਗੜ੍ਹ, 26ਨਵੰਬਰ(ਵਿਸ਼ਵ ਵਾਰਤਾ) ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅੱਜ (26 ਨਵੰਬਰ) ਤੋਂ ਪੰਜਾਬ-ਹਰਿਆਣਾ ਦੀ ਸਰਹੱਦ ਖਨੌਰੀ ਵਿਖੇ ਮਰਨ ਵਰਤ ਸ਼ੁਰੂ ਕਰਨਗੇ। ਇਸ ਤੋਂ ਪਹਿਲਾਂ ਉਹ ਕਿਸਾਨਾਂ ਨੂੰ ਸੰਬੋਧਨ ਕਰਨਗੇ। 4 ਨਵੰਬਰ ਨੂੰ ਡੱਲੇਵਾਲ ਨੇ ਐਲਾਨ ਕੀਤਾ ਸੀ ਕਿ ਉਹ ਸੰਸਦ ਦਾ ਸੈਸ਼ਨ ਸ਼ੁਰੂ ਹੁੰਦੇ ਹੀ ਮਰਨ ਵਰਤ ਤੇ ਬੈਠਣਗੇ। ਇਸ ਤੋਂ ਬਾਅਦ ਕਿਸਾਨ 6 ਦਸੰਬਰ ਨੂੰ ਦਿੱਲੀ ਵੱਲ ਮਾਰਚ ਕਰਨਗੇ। ਬੀਤੇ ਕੱਲ੍ਹ ਸੋਮਵਾਰ ਨੂੰ ਜਗਜੀਤ ਸਿੰਘ ਡੱਲੇਵਾਲ ਨੇ ਫਰੀਦਕੋਟ ‘ਚ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਸੀ ਕਿ ਉਹ ਸਿਰ ‘ਤੇ ਕਫਨ ਬੰਨ੍ਹ ਕੇ ਮਰਨ ਵਰਤ ‘ਤੇ ਬੈਠਣ ਜਾ ਰਹੇ ਹਨ। ਕੇਂਦਰ ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨੀਆਂ ਪੈਣਗੀਆਂ ਨਹੀਂ ਤਾਂ ਉਹ ਆਪਣੀ ਜਾਨ ਕੁਰਬਾਨ ਕਰ ਦੇਣਗੇ। ਉਨ੍ਹਾਂ ਦੀ ਮੌਤ ਨਾਲ ਵੀ ਇਹ ਅੰਦੋਲਨ ਨਹੀਂ ਰੁਕੇਗਾ। ਮਰਨ ਉਪਰੰਤ ਹੋਰ ਆਗੂ ਮਰਨ ਵਰਤ ਸ਼ੁਰੂ ਕਰਨਗੇ। ਇਸ ਲਈ ਮੈਂ ਆਪਣੀ ਜ਼ਮੀਨ ਆਪਣੇ ਪੁੱਤਰ, ਨੂੰਹ ਅਤੇ ਪੋਤਰੇ ਦੇ ਨਾਂ ਕਰਵਾ ਦਿੱਤੀ ਹੈ, ਤਾਂ ਜੋ ਕੋਈ ਝਗੜਾ ਨਾ ਹੋਵੇ। ਕਿਸਾਨ ਜਥੇਬੰਦੀਆਂ ਜਾਗਰੂਕਤਾ ਮੁਹਿੰਮ ਤਹਿਤ ਘਰ-ਘਰ ਜਾ ਕੇ ਲੋਕਾਂ ਨੂੰ ਆਪਣੀਆਂ ਮੰਗਾਂ ਤੋਂ ਜਾਣੂ ਕਰਵਾ ਕੇ ਸਮਰਥਨ ਇਕੱਠਾ ਕਰ ਰਹੀਆਂ ਹਨ। ਹਜ਼ਾਰਾਂ ਕਿਸਾਨਾਂ ਦੇ ਖਨੌਰੀ ਸਰਹੱਦ ‘ਤੇ ਪੁੱਜਣ ਦਾ ਅਨੁਮਾਨ ਹੈ। ਇੱਕ ਹੋਰ ਕਿਸਾਨ ਆਗੂ ਨੇ ਦੱਸਿਆ ਕਿ ਡੱਲੇਵਾਲ ਐਮਐਸਪੀ ਸਮੇਤ 12 ਮੰਗਾਂ ਨੂੰ ਲੈ ਕੇ ਮਰਨ ਵਰਤ ’ਤੇ ਬੈਠਣ ਜਾ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/