Punjab: ਸੂਬਾ ਸਰਕਾਰ ਨੇ ਅਨਾਜ ਦੀ ਖਰੀਦ ਲਈ ਕੀਤੇ ਪੁਖ਼ਤਾ ਪ੍ਰਬੰਧ, ਕਿਸਾਨਾਂ ਨੂੰ ਕੋਈ ਵੀ ਔਕੜ ਨਹੀਂ ਆਉਣ ਦਿੱਤੀ ਜਾਵੇਗੀ – ਡਾ. ਬਲਬੀਰ ਸਿੰਘ
-ਸਿਹਤ ਮੰਤਰੀ ਦੂਜੇ ਦਿਨ ਵੀ ਮੰਡੀਆਂ ‘ਚ ਪੁੱਜੇ, ਮੰਡੌੜ, ਧੰਗੇੜਾ, ਲੌਟ, ਬਖ਼ਸ਼ੀਵਾਲਾ ਤੇ ਲੰਗ ‘ਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
-ਕਿਹਾ, ਲਿਫਟਿੰਗ ਸਮੱਸਿਆ ਦੇ ਹੱਲ ਲਈ ਆਰਜੀ ਯਾਰਡ ਵਧਾਏ
ਨਾਭਾ, ਭਾਦਸੋਂ, ਪਟਿਆਲਾ, 13 ਅਕਤੂਬਰ: (ਵਿਸ਼ਵ ਵਾਰਤਾ):- ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਦੂਜੇ ਦਿਨ ਵੀ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਭਰ ਦੀਆਂ ਮੰਡੀਆਂ ਵਿੱਚ ਕਿਸਾਨਾਂ ਦੀ ਪੁੱਤਾਂ ਵਾਗੂੰ ਪਾਲੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਣ ਲਈ ਵਚਨਬੱਧ ਹੈ। ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ਮੰਡੌੜ, ਧੰਗੇੜਾ, ਲੌਟ, ਬਖ਼ਸ਼ੀਵਾਲਾ ਤੇ ਲੰਗ ਆਦਿ ਵਿਖੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਕੀਤੇ ਦੌਰੇ ਦੌਰਾਨ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਦੀ ਫ਼ਸਲ ਮੰਡੀਆਂ ਵਿੱਚ ਪੁੱਜਦੇ ਸਾਰ ਹੀ ਖਰੀਦਣ ਲਈ ਪੁਖ਼ਤਾ ਪ੍ਰਬੰਧ ਕੀਤੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਮੌਕੇ ‘ਤੇ ਹੀ ਅਦਾਇਗੀ ਯਕੀਨੀ ਬਣਾਉਣ ਲਈ ਸਰਕਾਰ ਨੇ ਵਿਹਾਰਕ ਵਿਧੀ ਵਿਕਸਿਤ ਕੀਤੀ ਹੈ।ਉਨ੍ਹਾਂ ਕਿਹਾ ਕਿ ਲਿਫਟਿੰਗ ਸਮੱਸਿਆ ਦੇ ਹੱਲ ਲਈ ਆਰਜੀ ਯਾਰਡ ਵਧਾਏ ਗਏ ਹਨ।
ਡਾ. ਬਲਬੀਰ ਸਿੰਘ ਨੇ ਇਸ ਮੌਕੇ ਕਿਸਾਨਾਂ ਤੇ ਆੜ੍ਹਤੀਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੰਡੀਆਂ ਵਿੱਚ ਅਨਾਜ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਲਿਫ਼ਟਿੰਗ ਦੀ ਥੋੜੀ ਸਮੱਸਿਆ ਆਈ ਸੀ, ਜਿਸ ਦੇ ਹੱਲ ਲਈ ਪੰਜਾਬ ਸਰਕਾਰ ਨੇ ਪੁਰਜ਼ੋਰ ਯਤਨ ਕਰਕੇ ਇਸ ਨੂੰ ਹੱਲ ਕਰਨ ਦਾ ਬੀੜਾ ਉਠਾਇਆ ਤੇ ਹੁਣ ਲਿਫਟਿੰਗ ਵਿੱਚ ਵੀ ਤੇਜੀ ਆ ਰਹੀ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਝੋਨੇ ਦੀ ਨਿਰਵਿਘਨ ਤੇ ਤੁਰੰਤ ਖਰੀਦ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰਨ ਦੇ ਨਾਲ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੀ ਸਮੇਂ ਸਿਰ ਅਦਾਇਗੀ ਕਰਨ ਦੀ ਵੀ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਇਸ ਮੌਕੇ ਜ਼ਿਲ੍ਹਾ ਅਧਿਕਾਰੀਆਂ ਸਮੇਤ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨੂੰ ਸਪੱਸ਼ਟ ਸ਼ਬਦਾਂ ਵਿੱਚ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਜਿਣਸ ਦੀ ਵਿਕਰੀ ਸਬੰਧੀ ਕਿਸੇ ਕਿਸਮ ਦੀ ਔਕੜ ਨਹੀਂ ਹੋਣੀ ਚਾਹੀਦੀ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਕਿਸਾਨਾਂ ਦੇ ਹਰ ਦਾਣੇ ਦੀ ਤੁਰੰਤ ਖਰੀਦ ਅਤੇ ਚੁਕਾਈ ਯਕੀਨੀ ਬਣਾਉਣ ਨੂੰ ਆਪਣਾ ਫ਼ਰਜ ਸਮਝ ਰਹੀ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਸਮੇਤ ਆੜ੍ਹਤੀਆਂ, ਮਜ਼ਦੂਰਾਂ ਤੇ ਪੰਜਾਬ ਰਾਈਸ ਮਿੱਲਰਜ ਐਸੋਸੀਏਸਨ ਸਮੇਤ ਹਰ ਵਰਗ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਇਸ ਮੌਕੇ ਖੁਰਾਕ ਤੇ ਸਿਵਲ ਸਪਲਾਈਜ਼, ਮੰਡੀ ਬੋਰਡ ਸਮੇਤ ਖਰੀਦ ਏਜੰਸੀਆਂ ਦੇ ਨੁਮਾਇੰਦੇ, ਆੜ੍ਹਤੀਏ ਤੇ ਕਿਸਾਨ ਵੀ ਮੌਜੂਦ ਸਨ।