International: ਮਿਡਟਰਮ ਚੋਣਾਂ ’ਚ ਹਾਰ ਲਈ ਟਰੰਪ ਨੇ ਇਜ਼ਰਾਈਲ ਨੂੰ ਠਹਿਰਾਇਆ ਜ਼ਿੰਮੇਵਾਰ
ਚੰਡੀਗੜ੍ਹ, 10 ਨਵੰਬਰ (ਵਿਸ਼ਵ ਵਾਰਤਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਿਡਟਰਮ ਚੋਣਾਂ ਵਿੱਚ ਆਪਣੀ ਪਾਰਟੀ ਦੀ ਹਾਰ ਪਿੱਛੇ ਕਈ ਕਾਰਨ ਗਿਣਾਏ ਹਨ। ਇਨ੍ਹਾਂ ਵਿੱਚ ਇਜ਼ਰਾਈਲ ਪ੍ਰਤੀ ਅਮਰੀਕੀ ਲੋਕਾਂ ਦੀ ਬਦਲਦੀ ਸੋਚ ਨੂੰ ਵੀ ਅਹਿਮ ਕਾਰਨ ਦੱਸਿਆ ਹੈ। ਐਤਵਾਰ ਨੂੰ ਸੀਬੀਐੱਸ ਨਿਊਜ਼ ਦੇ ਪ੍ਰੋਗਰਾਮ ’60 ਮਿੰਟਸ’ ਵਿੱਚ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਇਜ਼ਰਾਈਲ ਨੂੰ ਲੈ ਕੇ ਅਮਰੀਕਾ ਵਿੱਚ ਲੋਕਾਂ ਦੀ ਨਾਰਾਜ਼ਗੀ ਵਧੀ ਹੈ, ਜਦਕਿ ਅਮਰੀਕੀ ਸਰਕਾਰ ਦੇ ਇਜ਼ਰਾਈਲ ਨਾਲ ਨਜ਼ਦੀਕੀ ਸਬੰਧ ਹਨ।
ਟਰੰਪ ਨੇ ਚੋਣਾਂ ਵਿੱਚ ਹਾਰ ਲਈ ਸਿਰਫ਼ ਵਿਦੇਸ਼ ਨੀਤੀ ਨੂੰ ਹੀ ਜ਼ਿੰਮੇਵਾਰ ਨਹੀਂ ਮੰਨਿਆ। ਉਨ੍ਹਾਂ ਮੁਤਾਬਕ ਉਹ ਖੁਦ ਚੋਣ ਮੈਦਾਨ ਵਿੱਚ ਨਹੀਂ ਸਨ ਅਤੇ ਰਿਪਬਲਿਕਨ ਪਾਰਟੀ ਦੇ ਕੁਝ ਉਮੀਦਵਾਰ ਵੀ ਵੋਟਰਾਂ ਦੀ ਪਸੰਦ ’ਤੇ ਖਰੇ ਨਹੀਂ ਉਤਰੇ। ਇਸ ਤੋਂ ਇਲਾਵਾ ਈਰਾਨ ਨਾਲ ਜੰਗ ਅਤੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਕਾਰਨ ਵੀ ਲੋਕਾਂ ਵਿੱਚ ਸਰਕਾਰ ਪ੍ਰਤੀ ਨਾਰਾਜ਼ਗੀ ਰਹੀ।
ਜ਼ਿਕਰਯੋਗ ਹੈ ਕਿ 7 ਅਕਤੂਬਰ 2023 ਨੂੰ ਹਮਾਸ ਵੱਲੋਂ ਇਜ਼ਰਾਈਲ ’ਤੇ ਕੀਤੇ ਗਏ ਹਮਲੇ ਤੋਂ ਬਾਅਦ ਇਜ਼ਰਾਈਲੀ ਫੌਜ ਨੇ ਗਾਜ਼ਾ ਵਿੱਚ ਵੱਡੀ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ। ਇਸ ਜੰਗ ਤੋਂ ਬਾਅਦ ਅਮਰੀਕਾ ਵਿੱਚ ਇਜ਼ਰਾਈਲ ਦੇ ਸਮਰਥਨ ਨੂੰ ਲੈ ਕੇ ਲੋਕਾਂ ਦੀ ਰਾਏ ਵਿੱਚ ਬਦਲਾਅ ਆਇਆ ਹੈ। ਖਾਸ ਕਰਕੇ ਡੈਮੋਕ੍ਰੇਟਿਕ ਪਾਰਟੀ ਦੇ ਸਮਰਥਕਾਂ ਵਿੱਚ ਇਜ਼ਰਾਈਲ ਪ੍ਰਤੀ ਹਮਾਇਤ ਘਟਣ ਦਾ ਰੁਝਾਨ ਦੇਖਣ ਨੂੰ ਮਿਲਿਆ ਹੈ।























