Politics News : ਹਰਿਆਣਾ ‘ਚ ਆਪ ਅਤੇ ਕਾਂਗਰਸ ਗਠਜੋੜ ‘ਤੇ ਵੱਡੀ ਖ਼ਬਰ, ਅੱਜ ਸ਼ਾਮ ਤੱਕ ਹੋ ਸਕਦਾ ਹੈ ਵੱਡਾ ਐਲਾਨ
ਚੰਡੀਗੜ੍ਹ ,9ਸਤੰਬਰ (ਵਿਸ਼ਵ ਵਾਰਤਾ)Politics News : ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ I.N.D.I.A ਗੱਠਜੋੜ ਦੇ ਤਹਿਤ ਅੱਜ ਕੋਈ ਫੈਸਲਾ ਆਉਣ ਦੀ ਸੰਭਾਵਨਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਗੱਠਜੋੜ ਦੇ ਵਿੱਚ ਆਪ ਨੂੰ ਪੰਜ ਅਤੇ ਸਮਾਜਵਾਦੀ ਪਾਰਟੀ ਨੂੰ ਤਿੰਨ ਸੀਟਾਂ ਦਿੱਤੀਆਂ ਜਾ ਸਕਦੀਆਂ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਆਪ ਵੱਲੋਂ ਲਗਾਤਾਰ ਪੰਜ ਤੋਂ ਵੱਧ ਸੀਟਾਂ ਦੀ ਮੰਗ ਕੀਤੀ ਜਾ ਰਹੀ ਹੈ। ਇਸ ਲਈ ਇਹ ਸਮਝੌਤਾ ਅਜੇ ਤੱਕ ਸਿਰੇ ਨਹੀਂ ਚੜ ਸਕਿਆ ਹੈ। ਪਰ ਹੁਣ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅੱਜ ਸੀਟਾਂ ਦੀ ਵੰਡ ਨੂੰ ਲੈ ਕੇ ਕੋਈ ਨਾ ਕੋਈ ਫੈਸਲਾ ਜਰੂਰ ਆ ਜਾਵੇਗਾ। ਜੇ ਸੂਤਰਾਂ ਦੀ ਮੰਨੀਏ ਤਾਂ ਸਮਾਜਵਾਦੀ ਪਾਰਟੀ ਦੇ ਵੱਲੋਂ ਵੀ ਤਿੰਨ ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰਨ ਦੀ ਮੰਗ ਕੀਤੀ ਜਾ ਰਹੀ ਹੈ। ਸਮਾਜਵਾਦੀ ਪਾਰਟੀ ਪਲਵਲ ਜਿਲੇ ਦੀ ਹਥੀਨ, ਚਰਖੀ ਦਾਦਰੀ ਦੀ ਦਾਦਰੀ, ਅਤੇ ਗੁਰੂਗ੍ਰਾਮ ਦੀ ਸੋਹਣਾ ਸੀਟ ਤੋਂ ਆਪਣੇ ਉਮੀਦਵਾਰ ਉਤਾਰਨ ਦੀ ਮੰਗ ਕਰ ਰਹੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਹਰਿਆਣਾ ਸੂਬਾ ਪ੍ਰਧਾਨ ਡਾਕਟਰ ਸੁਸ਼ੀਲ ਗੁਪਤਾ ਨੇ ਕਿਹਾ ਹੈ ਕਿ ਉਹ 90 ਦੀਆਂ 90 ਸੀਟਾਂ ਤੇ ਆਪਣੇ ਉਮੀਦਵਾਰ ਉਤਾਰਨ ਦੀ ਤਿਆਰੀ ਕਰ ਰਹੇ ਹਨ। ਉਹਨਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਨ ਵੱਲੋਂ ਅਜੇ ਤੱਕ ਗਠਜੋੜ ਨੂੰ ਲੈ ਕੇ ਕੋਈ ਵੀ ਜਾਣਕਾਰੀ ਨਹੀਂ ਆਈ ਹੈ। ਉਹਨਾਂ ਕਿਹਾ ਕਿ ਜੇਕਰ ਅੱਜ ਸ਼ਾਮ ਤੱਕ ਸੀਟਾਂ ਦੇ ਉੱਪਰ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਉਹ 90 ਸੀਟਾਂ ਤੇ ਆਪਣੇ ਉਮੀਦਵਾਰ ਘੋਸ਼ਿਤ ਕਰਨ ਲਈ ਤਿਆਰ ਹਨ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਹੁਣ ਤੱਕ ਤਿੰਨ ਮੀਟਿੰਗਾਂ ਹੋ ਚੁੱਕੀਆਂ ਹਨ। ਸੂਤਰਾਂ ਮੁਤਾਬਕ ਆਮ ਆਦਮੀ ਪਾਰਟੀ ਇਸ ਗਠਜੋੜ ਵਿੱਚ 10 ਸੀਟਾਂ ਦੀ ਮੰਗ ਕਰ ਰਹੀ ਹੈ। ਜਿਸ ਤੇ ਅਜੇ ਤੱਕ ਕੋਈ ਸਹਿਮਤੀ ਨਹੀਂ ਬਣੀ ਹੈ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਪੰਜ ਸੀਟਾਂ ਦੇਣ ਤੇ ਸਹਿਮਤੀ ਪ੍ਰਗਟ ਕੀਤੀ ਸੀ, ਜਿਸ ਤੇ ਆਮ ਆਦਮੀ ਪਾਰਟੀ ਸੰਤੁਸ਼ਟ ਨਹੀਂ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਵੱਧ ਸੀਟਾਂ ਦੀ ਮੰਗ ਕੀਤੀ ਜਾ ਰਹੀ ਹੈ।
ਗੱਠਜੋੜ ਨੂੰ ਲੈ ਕੇ ਆਗੂਆਂ ਦਾ ਕੀ ਕਹਿਣਾ ਹੈ
ਇਸ ਗਠਜੋੜ ਨੂੰ ਲੈ ਕੇ ਪਾਰਟੀ ਆਗੂ ਦੀਪਕ ਬਾਬਰੀਆ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਕਾਂਗਰਸ ਦੇ ਨਾਲ ਆਮ ਆਦਮੀ ਪਾਰਟੀ ਦਾ ਗੱਠਜੋੜ ਹੋ ਜਾਵੇਗਾ ਅਤੇ ਇਸ ਤੇ ਜਲਦ ਹੀ ਫੈਸਲਾ ਹੋਵੇਗਾ ਉਹਨਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਨੂੰ ਚੰਗੀਆਂ ਸੀਟਾਂ ਦਿੱਤੀਆਂ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਘਵ ਚੱਡਾ ਨੇ ਵੀ ਦਾਅਵਾ ਕੀਤਾ ਹੈ ਕਿ ਕਾਂਗਰਸ ਦੇ ਨਾਲ ਚੰਗੀ ਗੱਲਬਾਤ ਚੱਲ ਰਹੀ ਹੈ ਤੇ ਉਹਨਾਂ ਨੂੰ ਉਮੀਦ ਹੈ ਕਿ ਜਲਦ ਹੀ ਗਠਜੋੜ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਗੱਠਜੋੜ ਦੀ ਪੂਰੀ ਉਮੀਦ ਹੈ ਪਰ ਅਜੇ ਸੀਟਾਂ ਨੂੰ ਲੈ ਕੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਵੱਲੋਂ ਗਠਜੋੜ ਦੀ ਪਹਿਲ ਕੀਤੀ ਗਈ ਸੀ। ਰਾਹੁਲ ਗਾਂਧੀ ਨੇ ਇਸ ਨੂੰ ਲੈ ਕੇ ਕਾਂਗਰਸ ਦੇ ਵਿੱਚ ਚਾਰ ਮੈਂਬਰਾਂ ਦੀ ਇੱਕ ਕਮੇਟੀ ਵੀ ਬਣਾਈ ਸੀ। ਗਠਜੋੜ ਨੂੰ ਲੈ ਕੇ ਬਣੀ ਇਸ ਕਮੇਟੀ ਦੇ ਵਿੱਚ ਕੇਸੀ ਵੇਨੂ ਗੋਪਾਲ, ਸਾਬਕਾ ਸੀਐਮ ਭੁਪਿੰਦਰ ਹੁੱਡਾ ਅਤੇ ਦੀਪਕ ਬਾਬਰੀਆ ਸ਼ਾਮਿਲ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਗਠਜੋੜ ਨੂੰ ਲੈ ਕੇ ਅੱਜ ਸ਼ਾਮ ਤੱਕ ਅੰਤਿਮ ਫੈਸਲਾ ਹੋ ਜਾਵੇਗਾ। ਜੇਕਰ ਇਹ ਗੱਠਜੋੜ ਸਿਰੇ ਨਹੀਂ ਚੜਦਾ ਤਾਂ ਆਮ ਆਦਮੀ ਪਾਰਟੀ ਵੱਲੋਂ ਅੱਜ ਸ਼ਾਮ ਤੱਕ ਆਪਣੇ ਉਮੀਦਵਾਰ ਐਲਾਨਣ ਦੀ ਗੱਲ ਕਹੀ ਗਈ ਹੈ।