ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਵੱਡਾ ਝਟਕਾ! ਸਰਕਾਰ ਨੇ ਘਟਾਈ ਸਬਸਿਡੀ ਵਾਲੇ LPG ਸਿਲੰਡਰਾਂ ਦੀ ਗਿਣਤੀ
ਨਵੀ ਦਿੱਲੀ, 8 ਜੂਨ 2026 (ਵਿਸ਼ਵ ਵਾਰਤਾ) : ਦੇਸ਼ ਭਰ ਵਿੱਚ ਕਰੋੜਾਂ ਪਰਿਵਾਰਾਂ ਨੂੰ ਰਸੋਈ ਗੈਸ ਦੀ ਸਹੂਲਤ ਦੇਣ ਵਾਲੀ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (PMUY) ਨਾਲ ਜੁੜੇ ਲੋਕਾਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਕੇਂਦਰ ਸਰਕਾਰ ਨੇ ਉੱਜਵਲਾ ਯੋਜਨਾ (PMUY) ਤਹਿਤ ਮਿਲਣ ਵਾਲੀ ਸਬਸਿਡੀ ਵਾਲੇ ਐਲਪੀਜੀ (LPG) ਸਿਲੰਡਰਾਂ ਦੀ ਗਿਣਤੀ ਘਟਾ ਦਿੱਤੀ ਹੈ।
ਦੱਸ ਦਈਏ ਕਿ ਸਰਕਾਰ ਨੇ ਆਪਣੀ ਪ੍ਰਮੁੱਖ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਲਈ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰਾਂ ਦੀ ਸਲਾਨਾ ਗਿਣਤੀ ਘਟਾ ਕੇ ਚਾਰ ਕਰ ਦਿੱਤੀ ਹੈ। ਇਹ ਫ਼ੈਸਲਾ ਔਸਤ ਘਰੇਲੂ ਖਪਤ ਦੇ ਪੱਧਰ ਦੇ ਹਿਸਾਬ ਨਾਲ ਸਹਾਇਤਾ ਨੂੰ ਬਰਾਬਰ ਕਰਨ ਲਈ ਲਿਆ ਗਿਆ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਵਧੀਕ ਸਕੱਤਰ ਪ੍ਰਵੀਨ ਮਾਲ ਖਨੂਜਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਮਈ 2016 ਵਿੱਚ ਗਰੀਬ ਪਰਿਵਾਰਾਂ ਦੀਆਂ ਬਾਲਗ ਮਹਿਲਾਵਾਂ ਨੂੰ ਡਿਪਾਜ਼ਿਟ-ਫ੍ਰੀ ਐਲਪੀਜੀ ਕਨੈਕਸ਼ਨ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਸੀ। ਸ਼ੁਰੂਆਤ ਵਿੱਚ ਲਾਭਪਾਤਰੀਆਂ ਨੂੰ ਪ੍ਰਤੀ ਸਾਲ 14.2 ਕਿਲੋਗ੍ਰਾਮ ਦੇ 12 ਸਬਸਿਡੀ ਵਾਲੇ ਸਿਲੰਡਰ ਮਿਲਦੇ ਸਨ। ਪਿਛਲੇ ਸਾਲ ਸਬਸਿਡੀ ਕੋਟਾ ਘਟਾ ਕੇ ਨੌਂ ਸਿਲੰਡਰ ਕਰ ਦਿੱਤਾ ਗਿਆ ਸੀ, ਅਤੇ ਹੁਣ ਇਸ ਨੂੰ ਹੋਰ ਘਟਾ ਕੇ ਚਾਰ ਕਰ ਦਿੱਤਾ ਗਿਆ ਹੈ। ਸਰਕਾਰ ਦਾ ਇਹ ਫ਼ੈਸਲਾ ਅਜਿਹੇ ਸਮੇਂ ਆਇਆ ਹੈ, ਜਦੋਂ ਪੱਛਮੀ ਏਸ਼ੀਆ ਵਿੱਚ ਜਾਰੀ ਤਣਾਅ ਅਤੇ ਕੱਚੇ ਤੇਲ ਤੇ ਗੈਸ ਦੀਆਂ ਵਧਦੀਆਂ ਕੀਮਤਾਂ ਕਾਰਨ ਐਲਪੀਜੀ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿੱਚ ਤੇਜ਼ ਉਛਾਲ ਦੇਖਿਆ ਜਾ ਰਿਹਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























