PM ਨਰਿੰਦਰ ਮੋਦੀ ਇਥੋਪੀਆ ਤੋਂ ਓਮਾਨ ਲਈ ਹੋਏ ਰਵਾਨਾ
ਨਵੀ ਦਿੱਲੀ, 17 ਦਸੰਬਰ (ਵਿਸ਼ਵ ਵਾਰਤਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM) ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਤੀਜੇ ਅਤੇ ਆਖਰੀ ਪੜਾਅ ਓਮਾਨ ਲਈ ਰਵਾਨਾ ਹੋ ਗਏ ਹਨ। ਇਹ ਦੌਰਾ ਭਾਰਤ ਅਤੇ ਓਮਾਨ ਵਿਚਕਾਰ ਕੂਟਨੀਤਕ ਸਬੰਧਾਂ ਦੇ 70 ਸਾਲ ਪੂਰੇ ਹੋਣ ਦੇ ਮੌਕੇ ‘ਤੇ ਹੋ ਰਿਹਾ ਹੈ ਅਤੇ ਇਸਦਾ ਮੁੱਖ ਉਦੇਸ਼ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਅਤੇ ਰਣਨੀਤਕ ਸਬੰਧਾਂ ਨੂੰ ਨਵੀਂ ਮਜ਼ਬੂਤੀ ਦੇਣਾ ਹੈ।
ਦੱਸ ਦਈਏ ਕਿ ਪੀ ਐਮ (PM) ਮੋਦੀ ਮੰਗਲਵਾਰ ਨੂੰ ਇਥੋਪੀਆ ਪਹੁੰਚੇ ਸਨ। ਉਨ੍ਹਾਂ ਦਾ ਇਹ ਪਹਿਲਾ ਇਥੋਪੀਆ ਦੌਰਾ ਸੀ। ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ ਨੇ ਰਾਸ਼ਟਰੀ ਪੈਲੇਸ ਵਿਖੇ ਉਨ੍ਹਾਂ ਦਾ ਰਸਮੀ ਤੌਰ ‘ਤੇ ਸਵਾਗਤ ਕੀਤਾ। ਦੋਵਾਂ ਨੇਤਾਵਾਂ ਨੇ ਦੁਵੱਲੀ ਮੁਲਾਕਾਤ ਵੀ ਕੀਤੀ। ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ ਨੇ ਮੰਗਲਵਾਰ ਨੂੰ ਮੋਦੀ ਨੂੰ ਦੇਸ਼ ਦਾ ਸਭ ਤੋਂ ਵੱਡਾ ਸਨਮਾਨ ਪ੍ਰਦਾਨ ਕੀਤਾ। ਉਹ “ਦ ਗ੍ਰੇਟ ਆਨਰ ਨਿਸ਼ਾਂ ਆਫ ਇਥੋਪੀਆ” ਪ੍ਰਾਪਤ ਕਰਨ ਵਾਲੇ ਪਹਿਲੇ ਵਿਸ਼ਵ ਨੇਤਾ ਬਣੇ। ਇਸ ਮੌਕੇ ‘ਤੇ, ਪ੍ਰਧਾਨ ਮੰਤਰੀ ਨੇ ਕਿਹਾ, “ਇਹ ਸਨਮਾਨ ਮੇਰੇ ਲਈ ਮਾਣ ਵਾਲੀ ਗੱਲ ਹੈ।”
ਪ੍ਰਧਾਨ ਮੰਤਰੀ ਮੋਦੀ ਨੇ ਬੁੱਧਵਾਰ ਨੂੰ ਇਥੋਪੀਆ ਦੀ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਕਿਹਾ, “ਮੈਨੂੰ ਇਥੋਪੀਆ ਵਿੱਚ ਆ ਕੇ ਖੁਸ਼ੀ ਹੋ ਰਹੀ ਹੈ।” ਉਨ੍ਹਾਂ ਅੱਗੇ ਕਿਹਾ ਕਿ “ਇਹ ਸ਼ੇਰਾਂ ਦੀ ਧਰਤੀ ਹੈ। ਮੈਨੂੰ ਇੱਥੇ ਘਰ ਵਰਗਾ ਮਹਿਸੂਸ ਹੋਇਆ ਹੈ, ਕਿਉਂਕਿ ਮੇਰਾ ਗ੍ਰਹਿ ਰਾਜ ਗੁਜਰਾਤ ਵੀ ਸ਼ੇਰਾਂ ਦੀ ਧਰਤੀ ਹੈ।”
ਉਨ੍ਹਾਂ ਕਿਹਾ “ਕੋਵਿਡ-19 ਦੌਰਾਨ, ਭਾਰਤ ਨੇ 150 ਤੋਂ ਵੱਧ ਦੇਸ਼ਾਂ ਨੂੰ ਦਵਾਈਆਂ ਅਤੇ ਟੀਕੇ ਭੇਜੇ। ਇਥੋਪੀਆ ਨੂੰ 40 ਲੱਖ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਦੀ ਸਪਲਾਈ ਕਰਨਾ ਭਾਰਤ ਲਈ ਮਾਣ ਵਾਲੀ ਗੱਲ ਸੀ,” ਉਨ੍ਹਾਂ ਕਿਹਾ ‘ਭਾਰਤ ਅਤੇ ਇਥੋਪੀਆ ਜਲਵਾਯੂ ਅਤੇ ਭਾਵਨਾ ਦੋਵਾਂ ‘ਚ ਇੱਕ ਦੂਜੇ ਨਾਲ ਵਿਚਾਰ ਸਾਂਝੇ ਕਰਦੇ ਹਨ।” ਜਿਵੇਂ ਹੀ ਮੋਦੀ ਨੇ ਇਥੋਪੀਆ ਦੀ ਸੰਸਦ ਦੇ ਸਾਂਝੇ ਸੈਸ਼ਨ ਨੂੰ ਆਪਣਾ ਸੰਬੋਧਨ ਖਤਮ ਕੀਤਾ, ਸੰਸਦ ਮੈਂਬਰਾਂ ਨੇ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























