Patiala : ਪੁੱਤ ਦੀ ਮੌਤ ਦਾ ਦੁੱਖ ਨਾ ਸਹਿੰਦਿਆਂ, ਮਾਂ ਨੇ ਵੀ ਤੋੜਿਆ ਦਮ
ਪਟਿਆਲਾ, 23 ਦਸੰਬਰ (ਵਿਸ਼ਵ ਵਾਰਤਾ)- ਪਟਿਆਲਾ ਤੋਂ ਦਿਲ ਨੂੰ ਝਿੰਜੋੜ ਕੇ ਰੱਖ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਮਾਂ ਆਪਣੇ ਪੁੱਤ ਦੀ ਮੌਤ ਦਾ ਸਦਮਾ ਨਾ ਸਹਿੰਦੇ ਹੋਏ ਦੁਨੀਆਂ ਨੂੰ ਅਲਵਿਦਾ ਆਖ ਗਈ। ਬੀਤੇ ਕੱਲ੍ਹ ਇਕ ਲਾਈਨਮੈਨ ਵਜੋਂ ਕੰਮ ਕਰਨ ਵਾਲੇ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਇੱਕ ਟ੍ਰਾਂਸਫਾਰਮਰ ‘ਤੇ ਕੰਮ ਕਰ ਰਿਹਾ ਸੀ। ਆਪਣੇ ਪੁੱਤਰ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ, ਉਸਦੀ ਮਾਂ ਨੂੰ ਵੀ ਦਿਲ ਦਾ ਦੌਰਾ ਪੈ ਗਿਆ। ਪਰਿਵਾਰ ਨੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ, ਪਰ ਉਸਦੀ ਵੀ ਮੌਤ ਹੋ ਗਈ।
ਇਹ ਘਟਨਾ ਭਵਾਲਪੁਰ ਪਿੰਡ ਵਿੱਚ ਵਾਪਰੀ। ਸੰਜੀਵ ਕੁਮਾਰ ਨਾਮਕ ਵਿਅਕਤੀ ਬਿਜਲੀ ਵਿਭਾਗ ਵਿੱਚ ਨੌਕਰੀ ਕਰਦਾ ਸੀ। 22 ਦਸੰਬਰ ਨੂੰ ਉਹ ਇੱਕ ਟ੍ਰਾਂਸਫਾਰਮਰ ਦੀ ਮੁਰੰਮਤ ਦਾ ਕੰਮ ਕਰ ਰਿਹਾ ਸੀ। ਇਸ ਦੌਰਾਨ ਜਦ ਉਹ ਟ੍ਰਾਂਸਫਾਰਮਰ ਦੇ ਉੱਪਰ ਚੜ੍ਹ ਰਿਹਾ ਸੀ ਤਾਂ ਅਚਾਨਕ ਲਾਈਟ ਆ ਗਈ ਅਤੇ ਉਸਨੂੰ ਕਰੰਟ ਲੱਗ ਗਿਆ ਅਤੇ ਉਹ ਟ੍ਰਾਂਸਫਾਰਮਰ ਤੋਂ ਡਿੱਗ ਪਿਆ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਿਵੇਂ ਹੀ ਸੰਜੀਵ ਕੁਮਾਰ ਦੀ ਮਾਂ ਸਿਮਰੋ ਦੇਵੀ ਨੂੰ ਇਸ ਘਟਨਾ ਬਾਰੇ ਪਤਾ ਲੱਗਾ, ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਵੀ ਮੌਤ ਹੋ ਗਈ। ਸੰਜੀਵ 2 ਧੀਆਂ ਦਾ ਪਿਓ ਸੀ ਉਸਦੀ ਇੱਕ ਧੀ 5 ਸਾਲ ਦੀ ਹੈ ਅਤੇ ਦੂਜੀ 2 ਸਾਲ ਦੀ ਹੈ।
ਪਰਿਵਾਰ ਦਾ ਦੋਸ਼ ਹੈ ਕਿ ਜੇਈ ਹਰਪ੍ਰੀਤ ਸਿੰਘ ਨੇ ਮੁਰੰਮਤ ਲਈ ਪਰਮਿਟ ਨਹੀਂ ਲਿਆ ਸੀ। ਇਹੀ ਕਾਰਨ ਹੈ ਕਿ ਉਸਦੀ ਮੌਤ ਹੋਈ। ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਜੇਈ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























