Oman : ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ ਇੱਕ ਹੋਰ ਸਰਵਉੱਚ ਨਾਗਰਿਕ ਸਨਮਾਨ
– ਓਮਾਨ ਚ ਪੀਐਮ ਮੋਦੀ ‘ਆਰਡਰ ਆਫ਼ ਓਮਾਨ’ ਨਾਲ ਸਨਮਾਨਿਤ
ਓਮਾਨ, 18 ਦਸੰਬਰ 2025 (ਵਿਸ਼ਵ ਵਾਰਤਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਹੋਰ ਸਰਵਉੱਚ ਸਨਮਾਨ ਦਿੱਤਾ ਗਿਆ ਹੈ। ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਓਮਾਨ ਨੇ ਉਨ੍ਹਾਂ ਨੂੰ ‘ਆਰਡਰ ਆਫ਼ ਓਮਾਨ’ ਨਾਲ ਸਨਮਾਨਿਤ ਕੀਤਾ ਹੈ। ਓਮਾਨ ਦੇ ਸੁਲਤਾਨ ਹੈਥਮ ਬਿਨ ਤਾਰਿਕ ਅਲ ਸੈਦ ਨੇ ਰਾਜਧਾਨੀ ਮਸਕਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਰਡਰ ਆਫ਼ ਓਮਾਨ ਨਾਲ ਸਨਮਾਨਿਤ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਇਸ ਸਨਮਾਨ ਸਣੇ ਦੂਜੇ ਦੇਸ਼ਾਂ ਦੇ 28 ਤੋਂ ਵੱਧ ਸਰਵਉੱਚ ਨਾਗਰਿਕ ਸਨਮਾਨਾਂ ਦੇ ਨਾਲ ਨਿਵਾਜਿਆ ਜਾ ਚੁੱਕਾ ਹੈ।

ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਇਸ ਸਮੇਂ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਓਮਾਨ ਦੇ ਦੌਰੇ ‘ਤੇ ਹਨ ਅਤੇ ਅੱਜ ਭਾਰਤ ਵਾਪਸ ਆਉਣਗੇ। ਉਨ੍ਹਾਂ ਨੇ 15 ਤੋਂ 18 ਦਸੰਬਰ ਦੇ ਵਿਚਕਾਰ ਜਾਰਡਨ, ਇਥੋਪੀਆ ਅਤੇ ਓਮਾਨ ਦਾ ਦੌਰਾ ਕੀਤਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੂੰ ਇਥੋਪੀਆ ਵੱਲੋਂ “ਗ੍ਰੇਟ ਆਨਰ ਨਿਸ਼ਾ ਆਫ ਇਥੋਪੀਆ” ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਇਹ ਸਨਮਾਨ ਉਨ੍ਹਾਂ ਨੂੰ ਇਥੋਪੀਆ ਦੇ ਪ੍ਰਧਾਨ ਮੰਤਰੀ ਡਾ. ਅਬੀ ਅਹਿਮਦ ਅਲੀ ਨੇ ਭੇਟ ਕੀਤਾ।























