Noida ‘ਚ ਦੂਜੇ ਦਿਨ ਵੀ ਹੰਗਾਮਾ! ਕਈ ਉਦਯੋਗਿਕ ਇਕਾਈਆਂ ‘ਚ ਕੰਮ ਠੱਪ
– ਪੁਲਿਸ ਫੋਰਸ ਹਾਲਾਤ ‘ਤੇ ਰੱਖ ਰਹੀ ਨਜ਼ਰ
ਉੱਤਰ ਪ੍ਰਦੇਸ਼, 14 ਅਪ੍ਰੈਲ (ਵਿਸ਼ਵ ਵਾਰਤਾ) – ਤਨਖ਼ਾਹ ਵਧਾਉਣ ਦੀ ਮੰਗ ਨੂੰ ਲੈ ਕੇ ਨੋਇਡਾ ਵਿੱਚ ਗੁੱਸੇ ਵਿੱਚ ਆਏ ਮਜ਼ਦੂਰ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਦਿੱਤੀ ਗਈ ਰਾਹਤ ਦੇ ਬਾਵਜੂਦ ਵੀ ਮੰਨ ਨਹੀਂ ਰਹੇ ਘੱਟੋ-ਘੱਟ ਤਨਖ਼ਾਹ ਵਿੱਚ ਵਾਧੇ ਦੇ ਬਾਵਜੂਦ, ਲਗਾਤਾਰ ਦੂਜੇ ਦਿਨ ਨੋਇਡਾ ਦੇ ਕੁਝ ਇਲਾਕਿਆਂ ਵਿੱਚ ਮਜ਼ਦੂਰਾਂ ਨੇ ਪਥਰਾਅ ਅਤੇ ਤੋੜ-ਫੋੜ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ। ਇਸ ਤੋਂ ਇਲਾਵਾ, ਕਈ ਉਦਯੋਗਿਕ ਖੇਤਰਾਂ ਵਿੱਚ ਫੈਕਟਰੀਆਂ ਦੇ ਬਾਹਰ ਮਜ਼ਦੂਰ ਧਰਨਾ-ਪ੍ਰਦਰਸ਼ਨ ਕਰ ਰਹੇ ਹਨ। ਤਣਾਅ ਦੇ ਵਿਚਕਾਰ ਜ਼ਿਆਦਾਤਰ ਉਦਯੋਗਿਕ ਇਕਾਈਆਂ ਵਿੱਚ ਕੰਮਕਾਜ ਠੱਪ ਹੈ।
ਨੋਇਡਾ ਵਿੱਚ ਲਗਾਤਾਰ ਦੂਜੇ ਦਿਨ ਕਈ ਇਲਾਕਿਆਂ ਵਿੱਚ ਮਜ਼ਦੂਰ ਅੰਦੋਲਨ ਕਰ ਰਹੇ ਹਨ। ਕਈ ਥਾਵਾਂ ‘ਤੇ ਮਜ਼ਦੂਰ ਹਿੰਸਕ ਹੋ ਗਏ। ਸੈਕਟਰ 70 ਵਿੱਚ ਕਲੀਓ ਕਾਊਂਟੀ ਸੁਸਾਇਟੀ ਦੇ ਕੋਲ ਲੋਕਾਂ ਨੇ ਪੱਥਰਬਾਜ਼ੀ ਅਤੇ ਤੋੜ-ਫੋੜ ਕੀਤੀ ਹੈ। ਪੁਲਿਸ ਨੇ ਕਿਸੇ ਤਰ੍ਹਾਂ ਸਥਿਤੀ ‘ਤੇ ਕਾਬੂ ਪਾਇਆ। ਸੈਕਟਰ 70 ਤੋਂ ਇਲਾਵਾ ਸੈਕਟਰ 80 ਵਿੱਚ ਵੀ ਸਵੇਰੇ ਲੋਕ ਬੇਹੱਦ ਉਗਰ ਦਿਖਾਈ ਦਿੱਤੇ। ਸੈਕਟਰ 80 ਵਿੱਚ ਕੁਝ ਫੈਕਟਰੀਆਂ ਦੇ ਬਾਹਰ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ ਕਾਨੂੰਨ ਨੂੰ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਪਹਿਲਾਂ ਤੋਂ ਚੌਕਸ ਪੁਲਿਸ ਨੇ ਸਥਿਤੀ ਨੂੰ ਜ਼ਿਆਦਾ ਵਿਗੜਨ ਨਹੀਂ ਦਿੱਤਾ।
ਦੱਸ ਦਈਏ ਕਿ ਯੂਪੀ ਸਰਕਾਰ ਨੇ ਸੋਮਵਾਰ ਦੇਰ ਰਾਤ ਫੈਕਟਰੀ ਕਰਮਚਾਰੀਆਂ ਦੀ ਤਨਖ਼ਾਹ ਵਧਾ ਦਿੱਤੀ ਹੈ। ਦਰਾਂ ਵਿੱਚ 3000 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਵਧੀ ਹੋਈ ਤਨਖ਼ਾਹ 1 ਅਪ੍ਰੈਲ ਤੋਂ ਲਾਗੂ ਹੋਵੇਗੀ। ਸੋਮਵਾਰ ਨੂੰ ਹੋਏ ਪ੍ਰਦਰਸ਼ਨਾਂ ਤੋਂ ਬਾਅਦ ਹਾਈ-ਲੈਵਲ ਕਮੇਟੀ ਨੇ ਰਾਤ ਨੂੰ ਕਰਮਚਾਰੀਆਂ ਨਾਲ ਬੈਠਕ ਕੀਤੀ। ਇਸ ਤੋਂ ਬਾਅਦ ਰਾਤ ਡੇਢ ਵਜੇ ਸਰਕਾਰ ਨੇ ਹੁਕਮ ਜਾਰੀ ਕਰਕੇ ਕਮੇਟੀ ਦੀਆਂ ਸਿਫ਼ਾਰਸ਼ਾਂ ‘ਤੇ ਮੋਹਰ ਲਗਾ ਦਿੱਤੀ। ਫਿਲਹਾਲ, ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਜਵਾਨ ਉਦਯੋਗਿਕ ਇਲਾਕਿਆਂ ਵਿੱਚ ਫਲੈਗ ਮਾਰਚ ਕਰ ਰਹੇ ਹਨ। CCTV ਅਤੇ ਡਰੋਨ ਰਾਹੀਂ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ, ਪੀ.ਏ.ਸੀ. (PAC) ਅਤੇ ਆਰ.ਏ.ਐੱਫ. (RAF) ਦੀਆਂ 15 ਕੰਪਨੀਆਂ, 26 ਅਫ਼ਸਰ (8 ਐਡੀਸ਼ਨਲ ਐੱਸ.ਪੀ. ਅਤੇ 18 ਡੀ.ਐੱਸ.ਪੀ.) ਨੋਇਡਾ ਭੇਜੇ ਗਏ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























