NEET ਪੇਪਰ ਲੀਕ ਮਾਮਲੇ ‘ਤੇ ਐਕਸ਼ਨ ਮੋਡ ਚ ਆਇਆ ਗ੍ਰਹਿ ਮੰਤਰਾਲਾ, ਬਿਹਾਰ ਦੇ EOU ਦੇ ADG ਨੂੰ ਦਿੱਲੀ ਕੀਤਾ ਤਲਬ
ਨਵੀਂ ਦਿੱਲੀ 20 ਜੂਨ (ਵਿਸ਼ਵ ਵਾਰਤਾ) : ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਹੁਣ ਐਕਸ਼ਨ ਮੋਡ ਦੇ ਵਿੱਚ ਆ ਚੁੱਕੀ ਹੈ। ਬਿਹਾਰ ਦੇ ਆਰਥਿਕ ਅਪਰਾਧ ਇਕਾਈ ਦੇ ਏਡੀਜੀ ਹਸਨੈਨ ਖਾਨ ਨੂੰ ਕੇਂਦਰ ਸਰਕਾਰ ਵੱਲੋਂ ਦਿੱਲੀ ਤਲਬ ਕੀਤਾ ਗਿਆ ਹੈ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਅਤੇ ਸਿੱਖਿਆ ਮੰਤਰਾਲੇ ਵੱਲੋਂ ਹਸਨੈਨ ਖਾਨ ਨੂੰ ਮਾਮਲੇ ਦੀ ਜਾਣਕਾਰੀ ਦੇਣ ਦੇ ਲਈ ਦਿੱਲੀ ਬੁਲਾਇਆ ਗਿਆ ਹੈ। ਪਟਨਾ ਤੋਂ ਪੇਪਰ ਲੀਕ ਮਾਮਲੇ ਦੇ ਮਾਸਟਰ ਮਾਇੰਡ ਅਮਿਤ ਆਨੰਦ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਤੋਂ ਬਾਅਦ ਅਮਿਤ ਆਨੰਦ ਨੇ ਇਸ ਗੱਲ ਨੂੰ ਮੰਨਿਆ ਹੈ ਕਿ ਉਸਨੇ ਹੀ ਪੇਪਰ ਲੀਕ ਕੀਤਾ ਸੀ। ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਪੇਪਰ ਲੀਕ ਦੇ ਇਸ ਮਾਮਲੇ ਦੇ ਵਿੱਚ ਵਿਦਿਆਰਥੀਆਂ ਤੋਂ 30 ਤੋਂ 32 ਲੱਖ ਰੁਪਏ ਤੱਕ ਲਏ ਗਏ ਹਨ। ਬਿਹਾਰ ਪੁਲਿਸ ਦੇ ਈ ਓ ਯੂ ਨੇ ਹੁਣ ਤੱਕ ਨੀਟ ਪੇਪਰ ਲੀਕ ਮਾਮਲੇ ਦੇ ਵਿੱਚ 60 ਤੋਂ ਜਿਆਦਾ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ। ਇਸ ਮਾਮਲੇ ਦੇ ਵਿੱਚ 13 ਲੋਕਾਂ ਨੂੰ ਗਿਰਫਤਾਰ ਵੀ ਕੀਤਾ ਗਿਆ ਹੈ। ਵਿਦਿਆਰਥੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਆਪਣੇ ਕਬੂਲਨਾਮੇ ਵਿੱਚ ਅਮਿਤ ਆਨੰਦ ਨਾਮ ਦੇ ਵਿਅਕਤੀ ਨੇ ਇਹ ਮੰਨਿਆ ਹੈ ਕਿ, ਉਹ ਪਹਿਲਾਂ ਵੀ ਪੇਪਰ ਰਿਲੀਕ ਕਰਵਾਉਂਦਾ ਰਿਹਾ ਹੈ। ਉਸ ਨੇ ਇਹ ਮੰਨਿਆ ਕਿ ਪੇਪਰ ਤੋਂ ਇੱਕ ਰਾਤ ਪਹਿਲਾਂ ਵਿਦਿਆਰਥੀਆਂ ਨੂੰ ਪੇਪਰ ਦੇ ਉੱਤਰ ਰਟਵਾਏ ਗਏ ਸਨ। ਜਿਕਰਯੋਗ ਹੈ ਕਿ, ਨੀਟ ਦਾ ਪੇਪਰ ਭਾਰਤ ਅਤੇ ਵਿਦੇਸ਼ ਦੇ 4750 ਸੈਂਟਰਾਂ ਤੇ ਆਯੋਜਿਤ ਕੀਤਾ ਗਿਆ ਸੀ। ਇਸ ਪੇਪਰ ਦੇ ਵਿੱਚ 24 ਲੱਖ ਦੇ ਲਗਭਗ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਪੇਪਰ ਦਾ ਰਿਜਲਟ 14 ਜੂਨ ਨੂੰ ਆਉਣ ਦੀ ਉਮੀਦ ਸੀ। ਪਰ ਚਾਰ ਜੂਨ ਨੂੰ ਹੀ ਰਿਜਲਟ ਘੋਸ਼ਿਤ ਕਰ ਦਿੱਤਾ ਗਿਆ ਸੀ। ਇਸ ਪੇਪਰ ਦੇ ਵਿੱਚ ਹੋਈ ਧਾਂਧਲੀ ਸਾਹਮਣੇ ਆਉਣ ਤੋਂ ਬਾਅਦ ਦੇਸ਼ ਭਰ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤੇ, ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਵਿੱਚ ਵੀ ਇਸ ਸੰਬੰਧ ਦੇ ਵਿੱਚ ਕੇਸ ਚੱਲ ਰਿਹਾ ਹੈ।























