National: ਤਾਜਮਹਿਲ ਘੁੰਮਣ ਆਈ ਬ੍ਰਿਟਿਸ਼ ਸੈਲਾਨੀ ’ਤੇ ਬਾਂਦਰ ਨੇ ਕੀਤਾ ਹਮਲਾ, ਹੱਥ ’ਤੇ ਵੱਢਿਆ
ਚੰਡੀਗੜ੍ਹ, 16 ਸਤੰਬਰ (ਵਿਸ਼ਵ ਵਾਰਤਾ): ਆਗਰਾ ਦੇ ਤਾਜਮਹਿਲ ’ਚ ਮੰਗਲਵਾਰ ਸਵੇਰੇ ਘੁੰਮਣ ਆਈ ਯੂਕੇ ਦੀ ਇੱਕ ਮਹਿਲਾ ਸੈਲਾਨੀ ’ਤੇ ਬਾਂਦਰ ਨੇ ਹਮਲਾ ਕਰ ਦਿੱਤਾ। ਬਾਂਦਰ ਨੇ ਮਹਿਲਾ ਦੇ ਸੱਜੇ ਹੱਥ ’ਤੇ ਵੱਢ ਲਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਕਿਸੇ ਤਰ੍ਹਾਂ ਮਹਿਲਾ ਨੂੰ ਬਾਂਦਰ ਤੋਂ ਬਚਾਇਆ। ਜਾਣਕਾਰੀ ਮੁਤਾਬਕ ਯੂਨਾਈਟਿਡ ਕਿੰਗਡਮ ਤੋਂ ਆਈ ਸੂਜ਼ਨ ਸਵੇਰੇ ਕਰੀਬ 9:30 ਵਜੇ ਤਾਜਮਹਿਲ ਪਹੁੰਚੀ ਸੀ।
ਲਗਭਗ 10 ਵਜੇ ਉਹ ਆਪਣੇ ਦੋਸਤਾਂ ਨਾਲ ਤਾਜ ਪਰਿਸਰ ’ਚ ਘੁੰਮ ਰਹੀ ਸੀ। ਇਸ ਦੌਰਾਨ ਕੁਝ ਬਾਂਦਰਾਂ ਨੇ ਅਚਾਨਕ ਉਸ ਵੱਲ ਝਪਟਾ ਮਾਰ ਦਿੱਤਾ। ਆਪਣੇ ਬਚਾਅ ਲਈ ਸੂਜ਼ਨ ਉੱਥੋਂ ਭੱਜਣ ਲੱਗੀ ਤਾਂ ਇੱਕ ਬਾਂਦਰ ਨੇ ਉਸ ਦਾ ਪਿੱਛਾ ਕਰਦਿਆਂ ਸੱਜੇ ਹੱਥ ’ਤੇ ਵੱਢ ਲਿਆ। ਹਮਲੇ ਤੋਂ ਬਾਅਦ ਸੂਜ਼ਨ ਦਰਦ ਨਾਲ ਚੀਕਣ ਲੱਗੀ। ਆਸ-ਪਾਸ ਮੌਜੂਦ ਸੈਲਾਨੀਆਂ ਨੇ ਤੁਰੰਤ ਸੁਰੱਖਿਆ ਕਰਮਚਾਰੀਆਂ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਉਸ ਨੂੰ ਮੁੱਢਲੇ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ।
ਤਾਜਮਹਿਲ ਪਰਿਸਰ ’ਚ ਬਾਂਦਰਾਂ ਵੱਲੋਂ ਸੈਲਾਨੀਆਂ ’ਤੇ ਹਮਲਿਆਂ ਦੀਆਂ ਘਟਨਾਵਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ। ਜੁਲਾਈ ਮਹੀਨੇ ’ਚ ਵੀ ਇੱਕ ਕੋਰੀਅਨ ਮਹਿਲਾ ਸੈਲਾਨੀ ’ਤੇ ਬਾਂਦਰਾਂ ਨੇ ਹਮਲਾ ਕੀਤਾ ਸੀ। ਇਨ੍ਹਾਂ ਘਟਨਾਵਾਂ ਕਾਰਨ ਤਾਜਮਹਿਲ ਆਉਣ ਵਾਲੇ ਸੈਲਾਨੀਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉੱਠ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























