ਮੋਗਾ ਵਿਖੇ ਦਰਦਨਾਕ ਹਾਦਸਾ! 6 ਮਹੀਨੇ ਦੇ ਬੱਚੇ ਸਣੇ ਮਾਂ ਦੀ ਮੌਤ
ਮੋਗਾ, 31 ਮਈ 2026 (ਵਿਸ਼ਵ ਵਾਰਤਾ) : ਮੋਗਾ ਦੇ ਕੋਟਕਪੂਰਾ ਬਾਈਪਾਸ ‘ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਸੜਕ ‘ਤੇ ਬਣੇ ਉੱਚੇ ਮੈਨਹੋਲ ਦੇ ਕਾਰਨ ਇੱਕ ਹੱਸਦਾ-ਖੇਡਦਾ ਪਰਿਵਾਰ ਉੱਜੜ ਗਿਆ।
ਦੱਸ ਦਈਏ ਕਿ ਆਪਣੀ ਪਤਨੀ ਅਤੇ 6 ਮਹੀਨਿਆਂ ਦੇ ਮਾਸੂਮ ਪੁੱਤਰ ਨਾਲ ਮੋਟਰਸਾਈਕਲ ‘ਤੇ ਜਾ ਰਹੇ ਵਿਅਕਤੀ ਦੀ ਬਾਈਕ ਸਾਹਮਣੇ ਉੱਚਾ ਮੈਨਹੋਲ ਆਉਣ ਕਾਰਨ ਅਚਾਨਕ ਬੇਕਾਬੂ ਹੋ ਗਈ। ਇਸ ਹਾਦਸੇ ਵਿੱਚ ਮਾਂ ਅਤੇ ਉਸ ਦੇ ਛੇ ਮਹੀਨੇ ਦੇ ਬੱਚੇ ਦੀ ਸੜਕ ‘ਤੇ ਡਿੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਤੋਂ ਬਾਅਦ ਇਲਾਜ ਦੌਰਾਨ ਮੌਤ ਹੋ ਗਈ। ਇਸ ਦਰਦਨਾਕ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਮਿਲੀ ਜਾਣਕਾਰੀ ਅਨੁਸਾਰ, ਪਿੰਡ ਚੰਦ ਨਵਾਂ ਦੇ ਰਹਿਣ ਵਾਲੇ ਲਖਬੀਰ ਸਿੰਘ ਆਪਣੀ ਪਤਨੀ ਜੋਤੀ ਅਤੇ 6 ਮਹੀਨਿਆਂ ਦੇ ਪੁੱਤਰ ਮਨਵੀਰ ਸਿੰਘ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਕਿਸੇ ਕੰਮ ਲਈ ਮੋਗਾ ਆ ਰਹੇ ਸਨ। ਜਿਵੇਂ ਹੀ ਉਹ ਕੋਟਕਪੂਰਾ ਬਾਈਪਾਸ ‘ਤੇ ਵਿਸ਼ਵਕਰਮਾ ਚੌਕ ਨੇੜੇ ਪਹੁੰਚੇ, ਤਾਂ ਉੱਥੇ ਸੜਕ ਦੇ ਵਿਚਕਾਰ ਸੀਵਰੇਜ ਮੈਨਹੋਲ ਦਾ ਢੱਕਣ ਆਮ ਸੜਕ ਦੇ ਪੱਧਰ ਤੋਂ ਕਾਫ਼ੀ ਉੱਪਰ ਉੱਠਿਆ ਹੋਇਆ ਸੀ। ਮੋਟਰਸਾਈਕਲ ਜਿਵੇਂ ਹੀ ਉਸ ਉੱਚੇ ਢੱਕਣ ‘ਤੇ ਚੜ੍ਹਿਆ, ਉਸ ਦਾ ਸੰਤੁਲਨ ਪੂਰੀ ਤਰ੍ਹਾਂ ਵਿਗੜ ਗਿਆ। ਇਸ ਝਟਕੇ ਕਾਰਨ ਪਿੱਛੇ ਬੈਠੀ ਜੋਤੀ ਅਤੇ ਉਸ ਦੀ ਗੋਦ ਵਿੱਚ ਮੌਜੂਦ 6 ਮਹੀਨਿਆਂ ਦਾ ਮਨਵੀਰ ਸਿੰਘ ਉੱਛਲ ਕੇ ਸੜਕ ‘ਤੇ ਦੂਰ ਜਾ ਡਿੱਗੇ। ਲੋਕਾਂ ਨੇ ਤੁਰੰਤ ਐਂਬੂਲੈਂਸ ਦੀ ਮਦਦ ਨਾਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਮਾਂ-ਪੁੱਤ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ। ਹਾਲਾਂਕਿ, ਹਸਪਤਾਲ ਪਹੁੰਚਦਿਆਂ ਹੀ ਡਾਕਟਰਾਂ ਨੇ 6 ਮਹੀਨਿਆਂ ਦੇ ਮਾਸੂਮ ਮਨਵੀਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਇਲਾਜ ਦੌਰਾਨ ਜੋਤੀ ਦੀ ਵੀ ਮੌਤ ਹੋ ਗਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























