Men’s U18 Asia Cup 2026: ਭਾਰਤ ਨੇ ਜਿੱਤਿਆ ਖ਼ਿਤਾਬੀ ਮੁਕਾਬਲਾ
ਸ਼ਾਨਦਾਰ ਜਿੱਤ ਲਈ PM ਮੋਦੀ ਨੇ ਟੀਮ ਨੂੰ ਦਿੱਤੀ ਵਧਾਈ
ਨਵੀ ਦਿੱਲੀ, 6 ਜੂਨ 2026 (ਵਿਸ਼ਵ ਵਾਰਤਾ) : ਭਾਰਤ ਨੇ ਅੰਡਰ-18 ਹਾਕੀ ਏਸ਼ੀਆ ਕੱਪ 2026 ਦਾ ਖ਼ਿਤਾਬ ਜਿੱਤ ਲਿਆ ਹੈ। ਫਾਈਨਲ ਮੁਕਾਬਲੇ ਵਿੱਚ ਟੀਮ ਇੰਡੀਆ ਨੇ ਜਾਪਾਨ ਨੂੰ 4-1 ਨਾਲ ਹਰਾ ਕੇ ਟਰਾਫੀ ‘ਤੇ ਕਬਜ਼ਾ ਕੀਤਾ।
ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ ਸੈਮੀਫਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ 5-3 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ। ਇਹ ਕੁੱਲ ਤੀਜੀ ਵਾਰ ਹੈ ਜਦੋਂ ਭਾਰਤ ਨੇ ਅੰਡਰ-18 ਪੱਧਰ ‘ਤੇ ਹਾਕੀ ਏਸ਼ੀਆ ਕੱਪ ਜਿੱਤਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ 2001 ਅਤੇ 2016 ਵਿੱਚ ਇਹ ਖ਼ਿਤਾਬ ਆਪਣੇ ਨਾਮ ਕੀਤਾ ਸੀ।
ਸ਼ਨੀਵਾਰ ਨੂੰ ਜਾਪਾਨ ਦੇ ਕਾਕਾਮੀਗਾਹਾਰਾ ਵਿੱਚ ਖੇਡੇ ਗਏ ਮੁਕਾਬਲੇ ਵਿੱਚ ਅਸ਼ੀਸ਼ ਤਾਨੀ ਪੁਰਤੀ ਨੇ ਸ਼ਾਨਦਾਰ ਹੈਟ੍ਰਿਕ ਲਗਾਈ। ਕਪਤਾਨ ਕੇਤਨ ਕੁਸ਼ਵਾਹਾ ਨੇ ਇੱਕ ਗੋਲ ਕੀਤਾ। ਇਸ ਤੋਂ ਪਹਿਲਾਂ ਪਾਕਿਸਤਾਨ ਵਿਰੁੱਧ ਸੈਮੀਫਾਈਨਲ ਵਿੱਚ ਵੀ ਅਸ਼ੀਸ਼ ਨੇ ਹੈਟ੍ਰਿਕ ਲਗਾਉਂਦੇ ਹੋਏ 4 ਗੋਲ ਕੀਤੇ ਸਨ। ਇਸ ਯਾਦਗਾਰੀ ਜਿੱਤ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਮ ਇੰਡੀਆ ਨੂੰ ਵਧਾਈ ਦਿੱਤੀ।
ਉਨ੍ਹਾਂ ਕਿਹਾ ਕਿ ” ਮੈਨਜ਼ U18 ਏਸ਼ੀਆ ਕੱਪ 2026 ਜਿੱਤਣ ‘ਤੇ ਭਾਰਤੀ ਪੁਰਸ਼ ਯੂ-18 ਹਾਕੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ। ਟੀਮ ਨੇ ਪੂਰੇ ਟੂਰਨਾਮੈਂਟ ਦੌਰਾਨ ਬੇਮਿਸਾਲ ਹੁਨਰ ਅਤੇ ਤਾਲਮੇਲ ਦਾ ਪ੍ਰਦਰਸ਼ਨ ਕੀਤਾ, ਜਿਸ ਦਾ ਨਤੀਜਾ ਫਾਈਨਲ ਵਿੱਚ ਇੱਕ ਯਾਦਗਾਰੀ ਜਿੱਤ ਦੇ ਰੂਪ ਵਿੱਚ ਨਿਕਲਿਆ। ਇਹ ਜਿੱਤ ਸਾਡੇ ਨੌਜਵਾਨਾਂ ਵਿੱਚ ਹਾਕੀ ਦੀ ਵਧ ਰਹੀ ਪ੍ਰਸਿੱਧੀ ਨੂੰ ਵੀ ਦਰਸਾਉਂਦੀ ਹੈ। ਟੀਮ ਨੂੰ ਭਵਿੱਖ ਦੇ ਯਤਨਾਂ ਲਈ ਮੇਰੀਆਂ ਸ਼ੁਭਕਾਮਨਾਵਾਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























