Machiwara Sahib : ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਕਿੰਨਰਾਂ ਨੇ ਪਿਟ-ਸਿਆਪਾ ਕਰ ਫੂਕੀ ਗੁੱਡੀ
ਮਾਛੀਵਾੜਾ ਸਾਹਿਬ,3ਅਗਸਤ(ਵਿਸ਼ਵ ਵਾਰਤਾ)Machiwara Sahib: ਮਾਛੀਵਾੜਾ ਇਲਾਕੇ ਵਿਚ ਮੀਂਹ ਨਾ ਪੈਣ ਕਾਰਨ ਜਿੱਥੇ ਲੋਕ ਹਾਲੋ-ਬੇਹਾਲ ਹੋਏ ਪਏ ਹਨ ਉੱਥੇ ਕਿਸਾਨ ਆਪਣੀਆਂ ਫਸਲਾਂ ਨੂੰ ਪਾਲਣ ਲਈ ਬੜੇ ਮੁਸ਼ਕਿਲ ਦੌਰ ’ਚੋਂ ਗੁਜ਼ਰ ਰਹੇ ਹਨ। ਮੀਂਹ ਪਵਾਉਣ ਲਈ ਜਿੱਥੇ ਕੁਝ ਦਿਨ ਪਹਿਲਾਂ ਆੜਤੀਆਂ ਵਲੋਂ ਲੰਗਰ ਲਗਾਇਆ ਗਿਆ ਉੱਥੇ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਅੱਜ ਕਿੰਨਰਾਂ ਨੇ ਗੁੱਡੀ ਫੂਕੀ। ਮਾਛੀਵਾੜਾ ਦੇ ਬਬਲੀ ਮਹੰਤ ਦੀ ਅਗਵਾਈ ਵਿਚ ਅੱਜ ਭਾਰੀ ਗਿਣਤੀ ’ਚ ਇਕੱਤਰ ਹੋਈਆਂ ਔਰਤਾਂ ਨੇ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਗੁੱਡੀ ਦੀ ਅਰਥੀ ਸਜਾਈ ਅਤੇ ਫਿਰ ਢੋਲ-ਧਮੱਕੇ ਨਾਲ ਉਸ ਨੂੰ ਸਮਸ਼ਾਨ ਘਾਟ ਵੱਲ ਲਿਆਂਦਾ ਗਿਆ। ਬਬਲੀ ਮਹੰਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਪਿਛਲੇ 40 ਸਾਲਾਂ ਤੋਂ ਮਾਛੀਵਾੜਾ ਵਿਖੇ ਰਹਿੰਦੀ ਹੈ ਅਤੇ ਸਰਬੱਤ ਦਾ ਭਲਾ ਮੰਗਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਮੀਂਹ ਨਹੀਂ ਪੈਂਦਾ ਤਾਂ ਉਨ੍ਹਾਂ ਵਲੋਂ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਲਈ ਗੁੱਡੀ ਫੂਕੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਪ੍ਰਮਾਤਮਾ ’ਤੇ ਪੂਰਾ ਵਿਸ਼ਵਾਸ ਹੈ ਕਿ ਉਹ ਸਾਡੀ ਅਰਦਾਸ ਸੁਣੇਗਾ ਅਤੇ ਮੀਂਹ ਪਾਵੇਗਾ। ਗੁੱਡੀ ਫੂਕਣ ਤੋਂ ਪਹਿਲਾਂ ਪੂਰੀ ਤਰ੍ਹਾਂ ਪਿੱਟ ਸਿਆਪਾ ਕੀਤਾ ਗਿਆ ਅਤੇ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਹਰ ਯਤਨ ਕੀਤੇ ਤਾਂ ਜੋ ਮੀਂਹ ਪੈ ਜਾਵੇ।