Ludhiana :13 ਸਾਲਾਂ ਬੱਚੀ ਨੇ ਚੁੱਕਿਆ ਖੌਫਨਾਕ ਕਦਮ
– ਪ੍ਰੀਖਿਆ ਦੇ ਕੇ ਪਰਤੀ ਸੀ ਘਰ
– ਪੱਖੇ ਨਾਲ ਲਟਕਦੀ ਮਿਲੀ ਲਾਸ਼!
ਚੰਡੀਗੜ੍ਹ, 4 ਮਾਰਚ (ਵਿਸ਼ਵ ਵਾਰਤਾ ): ਲੁਧਿਆਣਾ ਵਿੱਚ ਛੇਵੀਂ ਜਮਾਤ ਦੀ ਇੱਕ ਵਿਦਿਆਰਥਣ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਢੰਡਾਰੀ ਖ਼ੁਰਦ ਦੀ ਰਹਿਣ ਵਾਲੀ ਅੰਜਲੀ (13) ਵਜੋਂ ਹੋਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਜਿਸ ਕਾਰਨ ਖ਼ੁਦਕੁਸ਼ੀ ਦੇ ਕਾਰਨਾਂ ਦਾ ਸਪੱਸ਼ਟ ਪਤਾ ਨਹੀਂ ਲੱਗ ਸਕਿਆ ਹੈ।
ਪਰਿਵਾਰ ਵਾਲਿਆਂ ਨੇ ਦੱਸਿਆ ਕਿ ਅੰਜਲੀ ਮੰਗਲਵਾਰ ਨੂੰ ਆਪਣੀ ਪ੍ਰੀਖਿਆ ਦੇ ਕੇ ਘਰ ਪਰਤੀ ਸੀ, ਹਾਲਾਂਕਿ, ਉਦੋਂ ਉਹ ਬਿਲਕੁਲ ਠੀਕ ਲੱਗ ਰਹੀ ਸੀ ਪਰ ਉਸ ਤੋਂ ਕੁਝ ਦੇਰ ਬਾਅਦ ਉਹ ਕਮਰੇ ਵਿੱਚ ਚਲੀ ਗਈ। ਕਮਰੇ ਵਿੱਚ ਉਸਨੇ ਪੱਖੇ ਨਾਲ ਫਾਹਾ ਲਗਾਇਆ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਰਿਵਾਰ ਨੂੰ ਉਦੋਂ ਪਤਾ ਲੱਗਾ ਜਦੋਂ ਦੇਰ ਸ਼ਾਮ ਤੱਕ ਵਿਦਿਆਰਥਣ ਕਮਰੇ ਵਿੱਚੋਂ ਬਾਹਰ ਨਹੀਂ ਆਈ ਅਤੇ ਉਨ੍ਹਾਂ ਨੇ ਦਰਵਾਜ਼ਾ ਖੜਕਾਇਆ। ਅੰਦਰੋਂ ਆਵਾਜ਼ ਨਾ ਆਉਣ ‘ਤੇ ਜਦੋਂ ਪਰਿਵਾਰ ਨੇ ਦਰਵਾਜ਼ਾ ਤੋੜਿਆ ਤਾਂ ਦੇਖਿਆ ਕਿ ਬੱਚੀ ਪੱਖੇ ਨਾਲ ਲਟਕ ਰਹੀ ਸੀ। ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।
ਦੱਸ ਦਈਏ ਕਿ ਅੰਜਲੀ ਦੇ 4 ਭੈਣ-ਭਰਾ ਹਨ। ਪਿਤਾ ਫੈਕਟਰੀ ਵਿੱਚ ਕੰਮ ਕਰਦੇ ਹਨ ਅਤੇ ਮਾਂ ਘਰੇਲੂ ਸੁਆਣੀ ਹੈ। ਬੇਟੀ ਦੀ ਮੌਤ ਤੋਂ ਬਾਅਦ ਮਾਤਾ-ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪੂਰੇ ਮੁਹੱਲੇ ਵਿੱਚ ਮਾਤਮ ਛਾਇਆ ਹੋਇਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























