Latest News: ਪ੍ਰਸ਼ਾਸਨ ਦੀ ਮੁਸਤੈਦੀ ਹੜ੍ਹ ਪ੍ਰਭਾਵਿਤ ਬਜ਼ੁਰਗ ਦੀ ਜਾਨ ਬਚਾਉਣ ਵਿੱਚ ਹੋਈ ਸਹਾਈ
ਸੀਨੇ ਵਿੱਚ ਤੇਜ਼ ਦਰਦ ਹੋਣ ਪਿੱਛੋਂ ਰਾਹਤ ਕੇਂਦਰ ਵਿਖੇ ਡਾਕਟਰਾਂ ਕੀਤਾ ਮੁੱਢਲਾ ਇਲਾਜ
ਪਰਿਵਾਰ ਵੱਲੋਂ ਪ੍ਰਸ਼ਾਸਨ ਦੇ ਯਤਨਾਂ ਲਈ ਕੀਤਾ ਗਿਆ ਧੰਨਵਾਦ

ਸੁਲਤਾਨਪੁਰ ਲੋਧੀ, 23 ਅਗਸਤ (ਵਿਸ਼ਵ ਵਾਰਤਾ):- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਰਤੀ ਗਈ ਮੁਸਤੈਦੀ ਤੇ ਤੁਰੰਤ ਐਕਸ਼ਨ ਅੱਜ ਸ਼ਨੀਵਾਰ ਦੀ ਸਵੇਰ ਨੂੰ ਹੜ੍ਹ ਪ੍ਰਭਾਵਿਤ ਮੰਡ ਬੰਦੂ ਕਦੀਮ ਪਿੰਡ ਦੇ 78 ਸਾਲਾ ਬਜ਼ੁਰਗ ਕਿਸਾਨ ਬਲਵਿੰਦਰ ਸਿੰਘ ਦੀ ਜਾਨ ਬਚਾਉਣ ਵਿੱਚ ਸਹਾਈ ਹੋਇਆ |
ਹੜ੍ਹਾਂ ਦੀ ਸਥਿਤੀ ਵਿੱਚ ਛਾਤੀ ਵਿੱਚ ਤੇਜ ਦਰਦ ਅਤੇ ਬੇਚੈਨੀ ਹੋਣ ‘ਤੇ ਪ੍ਰਸ਼ਾਸਨ ਨੂੰ ਸ਼ਨੀਵਾਰ ਸਵੇਰ ਨੂੰ 7 ਵਜੇ ਇਕ ਫੋਨ ਕਾਲ ਆਈ ਜਿਸ ‘ਤੇ ਬਚਾਅ ਟੀਮਾਂ ਵਲੋਂ ਤੁਰੰਤ ਕਰਵਾਈ ਕਰਦਿਆਂ ਬਲਵਿੰਦਰ ਸਿੰਘ ਨੂੰ ਤੁਰੰਤ ਹੜ੍ਹ ਪ੍ਰਭਾਵਿਤ ਖੇਤਰ ਵਿਚੋਂ ਕੱਢ ਕੇ ਐਂਬੂਲੈਂਸ ਰਾਹੀਂ ਪਿੰਡ ਲੱਖ ਵਰਿਆਂਹ ਦੇ ਮੈਡੀਕਲ ਕੈਂਪ ਵਿੱਚ ਲਿਆਂਦਾ ਗਿਆ |
ਬਲੱਡ ਪ੍ਰੈਸ਼ਰ ਅਤੇ ਹੋਰ ਲੱਛਣਾਂ ਦਾ ਮੁੱਢਲਾ ਇਲਾਜ ਕਰਨ ਉਪਰੰਤ ਬਲਵਿੰਦਰ ਸਿੰਘ ਨੂੰ ਸੁਲਤਾਨਪੁਰ ਲੋਧੀ ਸਿਵਲ ਹਸਪਤਾਲ ਵਿਖੇ ਅਗਾਊਂ ਇਲਾਜ ਲਈ ਰੈਫਰ ਕਰ ਦਿੱਤਾ ਗਿਆ | ਸਿਵਲ ਸਰਜਨ ਡਾ.ਹਰਪਾਲ ਸਿੰਘ ਅਨੁਸਾਰ ਹੁਣ ਮਰੀਜ਼ ਦੀ ਹਾਲਤ ਸਥਿਰ ਹੈ ਅਤੇ ਉਸ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ |
ਬਲਵਿੰਦਰ ਸਿੰਘ ਦੇ ਪੁੱਤਰ ਗੁਰਦਾਸ ਸਿੰਘ ਨੇ ਪ੍ਰਸ਼ਾਸਨ ਵਲੋਂ ਕੀਤੀ ਗਈ ਤੁਰੰਤ ਕਾਰਵਾਈ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਚਾਅ ਟੀਮਾਂ ਵਲੋਂ ਤੁਰੰਤ ਸਹਾਇਤਾ ਪਹੁੰਚਾਕੇ ਮੇਰੀ ਪਿਤਾ ਦੀ ਜਾਨ ਨੂੰ ਬਚਾਇਆ ਹੈ | ਉਨ੍ਹਾਂ ਕਿਹਾ ਕਿ ਸਾਰਾ ਪਰਿਵਾਰ ਹੀ ਇਸ ਉਪਰਾਲੇ ਦਾ ਧੰਨਵਾਦ ਕਰਦਾ ਹੈ |
ਐਸ.ਡੀ.ਐਮ.ਅਲਕਾ ਕਾਲੀਆ ਨੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਰਿਸਪਾਂਸ ਟੀਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਵੀ ਟੈਲੀਫੋਨ ਉਤੇ ਕੋਈ ਸੂਚਨਾ ਮਿਲਦੀ ਹੈ ਤਾਂ ਬਚਾਅ ਟੀਮਾਂ ਵਲੋਂ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ |
ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਬਚਾਅ ਟੀਮਾਂ ਵਲੋਂ ਕੀਤੇ ਗਏ ਇਸ ਸ਼ਾਨਦਾਰ ਕੰਮ ਦੀ ਭਰਪੂਰ ਪ੍ਰਸੰਸ਼ਾ ਕੀਤੀ ਗਈ ਅਤੇ ਦੁਹਰਾਇਆ ਕਿ ਪ੍ਰਸ਼ਾਸਨ ਇਸ ਔਖੀ ਘੜੀ ਵਿੱਚ ਜ਼ਿਲ੍ਹਾ ਵਾਸੀਆਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਕਿਸੇ ਵੀ ਮੈਡੀਕਲ ਐਮਰਜੰਸੀ ਲਈ ਆਫ਼ਤ ਪ੍ਰਬੰਧਨ ਯੂਨਿਟ ਸਥਾਪਿਤ ਕੀਤਾ ਗਿਆ ਹੈ |























