Jolly LLB 3 : ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘਿਰੀ ਫਿਲਮ; ਅਦਾਲਤ ਨੇ ਅਕਸ਼ੈ ਕੁਮਾਰ ਅਤੇ ਅਰਸ਼ਦ ਵਾਰਸੀ ਨੂੰ ਭੇਜਿਆ ਨੋਟਿਸ
ਮੁੰਬਈ, 21 ਅਗਸਤ 2025 (ਵਿਸ਼ਵ ਵਾਰਤਾ): ਅਕਸ਼ੈ ਕੁਮਾਰ ਅਤੇ ਅਰਸ਼ਦ ਵਾਰਸੀ ਦੀ ਆਉਣ ਵਾਲੀ ਫਿਲਮ (Jolly LLB 3) ‘ਜੌਲੀ ਐਲਐਲਬੀ 3’ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਪੁਣੇ ਦੀ ਸਿਵਲ ਕੋਰਟ ਨੇ ਫਿਲਮ ਦੇ ਮੁੱਖ ਕਲਾਕਾਰ ਅਕਸ਼ੈ ਕੁਮਾਰ ਅਤੇ ਅਰਸ਼ਦ ਵਾਰਸੀ ਨੂੰ ਨੋਟਿਸ ਜਾਰੀ ਕੀਤਾ ਹੈ। ਆਰੋਪ ਲਗਾਇਆ ਗਿਆ ਹੈ ਕਿ ਫਿਲਮ ਵਿੱਚ ਨਿਆਂਪਾਲਿਕਾ ਦਾ ਅਪਮਾਨ ਕੀਤਾ ਗਿਆ ਹੈ ਅਤੇ ਇਹ ਫਿਲਮ ਕਾਨੂੰਨੀ ਪ੍ਰਣਾਲੀ ਅਤੇ ਅਦਾਲਤੀ ਕਾਰਵਾਈ ਦਾ ਮਜ਼ਾਕ ਉਡਾਉਂਦੀ ਹੈ।

ਵਕੀਲ ਵਾਜਿਦ ਖਾਨ ਬਿਡਕਰ ਅਤੇ ਗਣੇਸ਼ ਮਹਾਸਕੇ ਨੇ ਫਿਲਮ (Jolly LLB 3) ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਮ ਵਿੱਚ ਅਜਿਹੇ ਸੰਵਾਦ ਅਤੇ ਦ੍ਰਿਸ਼ ਦਿਖਾਏ ਗਏ ਹਨ ਜੋ ਨਿਆਂਪਾਲਿਕਾ ਦੀ ਸ਼ਾਨ ਨੂੰ ਢਾਹ ਲਗਾਉਂਦੇ ਹਨ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਫਿਲਮ ਕਾਨੂੰਨ ਅਤੇ ਅਦਾਲਤ ਵਰਗੀਆਂ ਗੰਭੀਰ ਸੰਸਥਾਵਾਂ ਨੂੰ ਹਲਕੇ ਢੰਗ ਨਾਲ ਪੇਸ਼ ਕਰਦੀ ਹੈ।

ਬਿਡਕਰ ਨੇ ਫਿਲਮ ਦੇ ਇੱਕ ਦ੍ਰਿਸ਼ ‘ਤੇ ਵੀ ਇਤਰਾਜ਼ ਜਤਾਇਆ ਜਿਸ ਵਿੱਚ ਜੱਜਾਂ ਨੂੰ ‘ਮਾਮੂ’ ਕਿਹਾ ਗਿਆ ਹੈ। ਅਦਾਲਤ ਨੇ ਅਕਸ਼ੈ ਕੁਮਾਰ, ਅਰਸ਼ਦ ਵਾਰਸੀ ਅਤੇ ਸੁਭਾਸ਼ ਕਪੂਰ ਨੂੰ 28 ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਦੱਸ ਦਈਏ ਕਿ ਇਹ ਫਿਲਮ 19 ਸਤੰਬਰ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਪਰ ਹੁਣ ਕਾਨੂੰਨੀ ਵਿਵਾਦ ਕਾਰਨ ਫਿਲਮ ਦੀ ਰਿਲੀਜ਼ ਖਤਰੇ ‘ਚ ਜਾਪ ਹੈ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਇਹ ਸੁਣਵਾਈ ਤੋਂ ਬਾਅਦ ਹੀ ਫੈਸਲਾ ਕੀਤਾ ਜਾਵੇਗਾ ਕਿ ਫਿਲਮ ਦੀ ਰਿਲੀਜ਼ ‘ਤੇ ਪਾਬੰਦੀ ਲਗਾਈ ਜਾਵੇਗੀ ਜਾਂ ਨਹੀਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























