ਕੁਰੂਕਸ਼ੇਤਰ 14ਸਤੰਬਰ (ਵਿਸ਼ਵ ਵਾਰਤਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰਿਆਣਾ ਦੇ ਕੁਰੂਕਸ਼ੇਤਰ ਤੋਂ ਆਪਣੀ ਵਿਧਾਨ ਸਭਾ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਉਹ ਪਹਿਲਾਂ ਜੰਮੂ ਕਸ਼ਮੀਰ ਦੇ ਡੋਡਾ ਜਾਣਗੇ। ਫਿਰ ਹਰਿਆਣਾ ਦੇ ਕੁਰੂਕਸ਼ੇਤਰ ਪਹੁੰਚਣਗੇ। ਭਾਜਪਾ ਨੇ ਆਪਣੇ ਐਕਸ ਹੈਂਡਲ ‘ਤੇ ਪ੍ਰਧਾਨ ਮੰਤਰੀ ਦੇ ਚੋਣ ਪ੍ਰਚਾਰ ਪ੍ਰੋਗਰਾਮ ਦੇ ਵੇਰਵੇ ਸਾਂਝੇ ਕੀਤੇ ਹਨ। ਪ੍ਰਧਾਨ ਮੰਤਰੀ ਮੋਦੀ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਭਾਜਪਾ ਦੀ ਰੈਲੀ ਵਿੱਚ ਹਿੱਸਾ ਲੈਣਗੇ। ਬਾਅਦ ਦੁਪਹਿਰ ਕੁਰੂਕਸ਼ੇਤਰ ‘ਚ ਭਾਜਪਾ ਦੀ ਰੈਲੀ ਹੋਵੇਗੀ। ਇਸ ਚੋਣ ਪ੍ਰਚਾਰ ਸਭਾ ‘ਚ ਮੋਦੀ ਕੇਂਦਰ ਦੀ ਤਰਾਂ ਹਰਿਆਣਾ ‘ਚ ਵੀ ਤੀਸਰੀ ਵਾਰ ਸਰਕਾਰ ਬਣਾਉਣ ਦੀ ਅਪੀਲ ਕਰਨਗੇ । ਪ੍ਰਧਾਨ ਮੰਤਰੀ ਮੋਦੀ ਦੀ ਜਨ ਸਭਾ ਕੁਰੂਕਸ਼ੇਤਰ ਦੇ ਥੀਮ ਪਾਰਕ ਵਿੱਚ ਹੋਵੇਗੀ। ਉਹ ਭਾਜਪਾ ਉਮੀਦਵਾਰਾਂ ਦੇ ਸਮਰਥਨ ਵਿੱਚ ਚੋਣ ਪ੍ਰਚਾਰ ਕਰਨਗੇ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਨਾਇਬ ਸਿੰਘ ਸੈਣੀ ਕੁਰੂਕਸ਼ੇਤਰ ਦੀ ਲਾਡਵਾ ਸੀਟ ਤੋਂ ਚੋਣ ਲੜ ਰਹੇ ਹਨ। ਇਸ ਲਿਹਾਜ਼ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਰੈਲੀ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ‘ਚ ਪਿਛਲੀ ਵਾਰ ਵਿਧਾਨ ਸਭਾ ਚੋਣ 2014 ‘ਚ ਹੋਈ ਸੀ। ਇਸ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ 90 ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਹੋਣੀਆਂ ਹਨ। ਇੱਥੇ ਪਹਿਲੇ ਪੜਾਅ ਵਿੱਚ 18 ਸਤੰਬਰ ਨੂੰ ਵੋਟਿੰਗ ਹੋਵੇਗੀ। ਪਹਿਲੇ ਪੜਾਅ ਵਿੱਚ ਪੰਪੋਰ, ਤਰਾਲ, ਪੁਲਵਾਮਾ, ਰਾਜਪੋਰਾ, ਜੈਨਪੋਰਾ, ਸ਼ੋਪੀਆਂ, ਡੀ.ਐਚ. ਪੋਰਾ, ਕੁਲਗਾਮ, ਦੇਓਸਰ, ਦੁਰੂ, ਕੋਕਰਨਾਗ (ਐਸਟੀ), ਅਨੰਤਨਾਗ ਪੱਛਮੀ, ਅਨੰਤਨਾਗ, ਸ਼੍ਰੀਗੁਫਵਾੜਾ-ਬਿਜਬੇਹਰਾ, ਸ਼ਾਂਗਾਸ-ਅਨੰਤਨਾਗ ਪੂਰਬੀ, ਪਹਿਲਗਾਮ, ਇੰਦਰਵਾਲ, ਕਿਸ਼ਤਵਾੜ, ਪੇਡਰ-ਨਾਗਸੇਨੀ, ਭਦਰਵਾਹ, ਡੋਡਾ, ਡੋਡਾ ਪੱਛਮੀ, ਰਾਮਬਨ ਅਤੇ ਬਨਿਹਾਲ ਵਿਧਾਨ ਸਭਾ ਹਲਕੇ ‘ਚ ਵੋਟਿੰਗ ਹੋਵੇਗੀ। Jammu Kashmir news