International: ਯੂਰਪੀ ਸੰਸਦ ’ਚ ਟਰੰਪ ਦੀ 8.5 ਫੁੱਟ ਉੱਚੀ ਸੋਨੇ ਦੀ ਮੂਰਤੀ ਲਾਈ ਗਈ
– ਮੂਰਤੀ ‘ਚ ਟਰੰਪ ਨੂੰ ਨਗਨ ਰੂਪ ਵਿੱਚ ਦਰਸਾਇਆ ਗਿਆ
ਚੰਡੀਗੜ੍ਹ, 8 ਅਕਤੂਬਰ (ਵਿਸ਼ਵ ਵਾਰਤਾ): ਯੂਰਪੀ ਸੰਸਦ ਦੇ ਅੰਦਰ ਇੱਕ ਰਸਤੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ 8.5 ਫੁੱਟ ਉੱਚੀ ਮੂਰਤੀ ਲਾਈ ਗਈ ਹੈ। ਡੈਨਮਾਰਕ ਦੇ ਕਲਾਕਾਰ ਜੇਨਸ ਗਾਲਸ਼ਿਓਟ ਵੱਲੋਂ ਬਣਾਈ ਗਈ ਇਸ ਮੂਰਤੀ ’ਤੇ 23 ਕੈਰਟ ਸੋਨੇ ਦੀ ਪਰਤ ਚੜ੍ਹਾਈ ਗਈ ਹੈ। ਕਲਾਕਾਰ ਨੇ ਇਸ ਦਾ ਨਾਂ ‘ਦਿ ਆਰੇਂਜ ਪਲੇਗ’ ਰੱਖਿਆ ਹੈ। ਤਾਂਬੇ ਦੀ ਬਣੀ ਇਸ ਮੂਰਤੀ ਨੂੰ ‘ਕਿੰਗ ਆਫ਼ ਇਨਜਸਟਿਸ’ ਵੀ ਕਿਹਾ ਗਿਆ ਹੈ। ਇਸ ਵਿੱਚ ਟਰੰਪ ਨੂੰ ਇੱਕ ਕਮਜ਼ੋਰ ਵਿਅਕਤੀ ਦੇ ਮੋਢਿਆਂ ’ਤੇ ਬੈਠਿਆ ਦਿਖਾਇਆ ਗਿਆ ਹੈ। ਮੂਰਤੀ ਵਿੱਚ ਟਰੰਪ ਦੇ ਹੱਥ ਵਿੱਚ ਗੋਲਫ਼ ਕਲੱਬ ਅਤੇ ਨਿਆਂ ਦੇ ਤਰਾਜੂ ਨੂੰ ਫੜਿਆ ਹੋਇਆ ਦਰਸਾਇਆ ਗਿਆ ਹੈ।
ਮੂਰਤੀ ਦੇ ਹੇਠਾਂ ਲਿਖਿਆ ਹੈ ਕਿ, “ਮੈਂ ਇੱਕ ਵਿਅਕਤੀ ਦੀ ਪਿੱਠ ’ਤੇ ਬੈਠਾ ਹਾਂ। ਉਹ ਮੇਰੇ ਬੋਝ ਹੇਠਾਂ ਦੱਬ ਰਿਹਾ ਹੈ। ਮੈਂ ਉਸ ਦੀ ਮਦਦ ਲਈ ਕੁਝ ਵੀ ਕਰਾਂਗਾ, ਪਰ ਉਸ ਦੀ ਪਿੱਠ ਤੋਂ ਨਹੀਂ ਉਤਰਾਂਗਾ।”
ਕਲਾਕਾਰ ਗਾਲਸ਼ਿਓਟ ਮੁਤਾਬਕ ਇਹ ਰਚਨਾ ਵਾਤਾਵਰਣ ਅਤੇ ਨਿਯਮਾਂ ’ਤੇ ਆਧਾਰਿਤ ਵਿਸ਼ਵ ਵਿਵਸਥਾ ਲਈ ਟਰੰਪ ਦੀਆਂ ਨੀਤੀਆਂ ਨੂੰ ਲੈ ਕੇ ਉਸ ਦੀ ਚਿੰਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਟਰੰਪ ਨੂੰ ਨਗਨ ਰੂਪ ਵਿੱਚ ਦਰਸਾਉਣ ਦਾ ਵਿਚਾਰ ਹਾਂਸ ਕ੍ਰਿਸਚੀਅਨ ਐਂਡਰਸਨ ਦੀ ਕਹਾਣੀ ‘ਦਿ ਐਂਪਰਰਜ਼ ਨਿਊ ਕਲੋਥਜ਼’ ਤੋਂ ਪ੍ਰੇਰਿਤ ਹੈ।
ਇਸ ਪ੍ਰਦਰਸ਼ਨੀ ਨੂੰ ਡੈਨਿਸ਼ ਸਿਆਸਤਦਾਨ ਪੇਰ ਕਲਾਊਸਨ ਨੇ ਸਪਾਂਸਰ ਕੀਤਾ ਹੈ। ਯੂਰਪੀ ਸੰਸਦ ਦੇ ਮੈਂਬਰਾਂ ਨੂੰ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨੀਆਂ ਲਗਾਉਣ ਦੀ ਇਜਾਜ਼ਤ ਹੈ, ਹਾਲਾਂਕਿ ਇਸ ਲਈ ਸੰਸਦ ਦੇ ਅਧਿਕਾਰੀਆਂ ਦੀ ਮਨਜ਼ੂਰੀ ਲਾਜ਼ਮੀ ਹੁੰਦੀ ਹੈ। ਕਲਾਕਾਰ ਨੇ ਕਿਹਾ ਕਿ ਉਹ ਇਸ ਮੂਰਤੀ ਨੂੰ ਮਨਜ਼ੂਰੀ ਮਿਲਣ ਨੂੰ ਯੂਰਪੀ ਸੰਸਦ ਵੱਲੋਂ ਇਸ ਵਿਚਾਰ ਪ੍ਰਤੀ ਅਪਰੋਕਸ਼ ਸਵੀਕ੍ਰਿਤੀ ਵਜੋਂ ਦੇਖਦੇ ਹਨ।
ਜੇਨਸ ਗਾਲਸ਼ਿਓਟ ਪਹਿਲਾਂ ਵੀ ਵਿਵਾਦਤ ਰਾਜਨੀਤਿਕ ਕਲਾਕ੍ਰਿਤੀਆਂ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ‘ਪਿਲਰ ਆਫ਼ ਸ਼ੇਮ’ ਨਾਮਕ ਮੂਰਤੀ ਤਿਆਨਆਨਮੈਨ ਸਕਵੇਅਰ ਘਟਨਾ ਦੇ ਪੀੜਤਾਂ ਦੀ ਯਾਦ ਵਿੱਚ ਬਣਾਈ ਗਈ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























