Indigo ਫਲਾਈਟ ਵਿੱਚ ਆਈ ਖਰਾਬੀ, ਵਾਪਿਸ ਪਰਤੀ ਚੇਨਈ
68 ਯਾਤਰੀ ਸਨ ਸਵਾਰ

ਨਵੀ ਦਿੱਲੀ, 20 ਜੂਨ (ਵਿਸ਼ਵ ਵਾਰਤਾ): ਦੇਸ਼ ਵਿੱਚ ਜਹਾਜ਼ਾਂ ਵਿੱਚ ਤਕਨੀਕੀ ਨੁਕਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਕਾਰਨ ਹਵਾਈ ਯਾਤਰਾ ਕਰਨ ਵਾਲੇ ਲੋਕਾਂ ਦੀਆਂ ਚਿੰਤਾਵਾਂ ਵੀ ਵੱਧ ਰਹੀਆਂ ਹਨ। ਕੁਝ ਦਿਨ ਪਹਿਲਾਂ, ਦੋ ਇੰਡੀਗੋ (Indigo) ਜਹਾਜ਼ਾਂ ਅਤੇ ਇੱਕ ਸਪਾਈਸਜੈੱਟ ਜਹਾਜ਼ ਨੂੰ ਤਕਨੀਕੀ ਨੁਕਸ ਕਾਰਨ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀ। ਅੱਜ ਤਾਜ਼ਾ ਜਾਣਕਾਰੀ ਅਨੁਸਾਰ ਚੇਨਈ ਤੋਂ ਮਦੁਰਾਈ ਜਾ ਰਹੀ ਇੰਡੀਗੋ (Indigo) ਏਅਰਲਾਈਨਜ਼ ਦੀ ਇੱਕ ਫਲਾਈਟ ਵਿੱਚ ਸ਼ੁੱਕਰਵਾਰ ਨੂੰ ਉਡਾਣ ਦੌਰਾਨ ਤਕਨੀਕੀ ਸਮੱਸਿਆ ਆ ਗਈ। ਜਿਸ ਤੋਂ ਬਾਅਦ ਇਸਨੂੰ ਵਾਪਸ ਜਾਣਾ ਪਿਆ।
ਇਸ ਘਟਨਾ ਦੀ ਜਾਣਕਾਰੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਉਡਾਣ ਦੇ ਲਗਭਗ ਅੱਧੇ ਘੰਟੇ ਬਾਅਦ, ਪਾਇਲਟ ਨੇ ਸਮੱਸਿਆ ਦੇਖੀ ਅਤੇ ਚੇਨਈ ਵਾਪਸ ਜਾਣ ਦੀ ਇਜਾਜ਼ਤ ਮੰਗੀ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਵਿੱਚ ਲਗਭਗ 68 ਯਾਤਰੀ ਸਵਾਰ ਸਨ। ਉਨ੍ਹਾਂ ਕਿਹਾ ਕਿ ਜਹਾਜ਼ ਨੂੰ ਚੇਨਈ ਹਵਾਈ ਅੱਡੇ ‘ਤੇ ਉਤਾਰਿਆ ਗਿਆ ਹੈ ਅਤੇ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ।






















