ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤੀਜਾ ਟੈਸਟ ਅੱਜ ਤੋਂ
– ਅੱਜ 9:30 ਵਜੇ ਸ਼ੁਰੂ ਹੋਵੇਗਾ ਮੁਕਾਬਲਾ
– 9:00 ਵਜੇ ਹੋਵੇਗਾ ਟਾਸ
ਨਵੀ ਦਿੱਲੀ,1 ਨਵੰਬਰ (ਵਿਸ਼ਵ ਵਾਰਤਾ): ਭਾਰਤ ਅਤੇ ਨਿਊਜ਼ੀਲੈਂਡ (India vs New Zealand) ਵਿਚਾਲੇ ਖੇਡੀ ਜਾ ਰਹੀ ਟੈਸਟ ਸੀਰੀਜ਼ ਦਾ ਤੀਜਾ ਮੈਚ ਅੱਜ ਤੋਂ ਮੁੰਬਈ ‘ਚ ਖੇਡਿਆ ਜਾਵੇਗਾ। ਇਹ ਮੈਚ ਸਵੇਰੇ 9:30 ਵਜੇ ਵਾਨਖੇੜੇ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ ਅਤੇ ਇਸ ਤੋਂ ਪਹਿਲਾ 9:00 ਵਜੇ ਟਾਸ ਹੋਵੇਗਾ। ਜਿੱਥੇ ਭਾਰਤੀ ਟੀਮ ਆਪਣੀ ਇੱਜ਼ਤ ਬਚਾਉਣ ਲਈ ਆਖਰੀ ਟੈਸਟ ਜਿੱਤਣਾ ਚਾਹੇਗੀ, ਉਥੇ ਹੀ ਨਿਊਜ਼ੀਲੈਂਡ ਦੀ ਟੀਮ ਭਾਰਤ ਦਾ ਸਫਾਇਆ ਕਰਨ ਲਈ ਕੋਈ ਕਸਰ ਬਾਕੀ ਛੱਡਣ ਦੇ ਮੂਡ ਵਿੱਚ ਨਹੀਂ ਹੈ।
ਕੀਵੀ ਟੀਮ ਪਹਿਲਾਂ ਹੀ ਸੀਰੀਜ਼ ‘ਚ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਚੁੱਕੀ ਹੈ। ਇਸ ਦੇ ਨਾਲ ਹੀ ਟੀਮ ਇੰਡੀਆ ਇਸ ਮੈਚ ‘ਚ ਆਪਣੀ ਇੱਜ਼ਤ ਬਚਾਉਣ ਲਈ ਉਤਰੇਗੀ। ਨਿਊਜ਼ੀਲੈਂਡ ਨੇ ਪਹਿਲੇ ਮੈਚ ਵਿੱਚ ਭਾਰਤ ਨੂੰ 8 ਵਿਕਟਾਂ ਅਤੇ ਦੂਜੇ ਮੈਚ ਵਿੱਚ 113 ਦੌੜਾਂ ਨਾਲ ਹਰਾਇਆ ਸੀ। ਹਾਲਾਂਕਿ, ਇਨ੍ਹਾਂ ਹਾਰਾਂ ਦੇ ਬਾਵਜੂਦ, ਭਾਰਤ ਡਬਲਯੂਟੀਸੀ ਅੰਕ ਸੂਚੀ ਵਿੱਚ ਸਿਖਰ ‘ਤੇ ਬਰਕਰਾਰ ਹੈ। ਕੀਵੀ ਦਿੱਗਜ ਕੇਨ ਵਿਲੀਅਮਸਨ ਨੂੰ ਤੀਜੇ ਟੈਸਟ ਤੋਂ ਵੀ ਆਰਾਮ ਦਿੱਤਾ ਗਿਆ ਹੈ। ਉਹ ਪਹਿਲੇ ਦੋ ਟੈਸਟਾਂ ਵਿੱਚ ਵੀ ਨਹੀਂ ਖੇਡੇ ਸਨ।
ਦੱਸ ਦਈਏ ਕਿ ਮੁੰਬਈ ਮੈਚ ਵਿੱਚ ਅੱਜ ਮੀਂਹ ਦੀ 65% ਸੰਭਾਵਨਾ ਹੈ। ਮੌਸਮ ਦੀ ਵੈੱਬਸਾਈਟ Accuweather ਦੇ ਮੁਤਾਬਕ, ਅੱਜ ਬੱਦਲ ਛਾਏ ਰਹਿਣਗੇ ਅਤੇ ਦੁਪਹਿਰ ਨੂੰ ਤੇਜ਼ ਹਵਾ ਦੇ ਨਾਲ ਬਾਰਿਸ਼ ਵੀ ਹੋਵੇਗੀ। ਦਿਨ ਦਾ ਤਾਪਮਾਨ 36 ਤੋਂ 25 ਡਿਗਰੀ ਰਹੇਗਾ।
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 3 ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਟੈਸਟ ਸਪੋਰਟਸ 18 ਨੈੱਟਵਰਕ ‘ਤੇ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜੀਓ ਸਪੋਰਟਸ ‘ਤੇ ਵੀ ਤੀਜੇ ਟੈਸਟ ਦੀ ਲਾਈਵ ਸਟ੍ਰੀਮਿੰਗ ਦੇਖੀ ਜਾ ਸਕੇਗੀ।