IND vs ZIM 1st T20: ਸ਼੍ਰੇਅਸ ਅਈਅਰ ਦੀ ਕਪਤਾਨੀ ਹੇਠ ਭਾਰਤ ਦੀ ਸ਼ਾਨਦਾਰ ਜਿੱਤ; ਜ਼ਿੰਬਾਬਵੇ ਨੂੰ 7 ਵਿਕਟਾਂ ਨਾਲ ਹਰਾਇਆ
– ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ
ਨਵੀ ਦਿੱਲੀ, 23 ਜੁਲਾਈ 2026 (ਵਿਸ਼ਵ ਵਾਰਤਾ) – ਆਇਰਲੈਂਡ ਅਤੇ ਇੰਗਲੈਂਡ ਦੌਰੇ ‘ਤੇ ਮਿਲੀ ਨਿਰਾਸ਼ਾਜਨਕ ਹਾਰ ਨੂੰ ਪਿੱਛੇ ਛੱਡਦਿਆਂ ਟੀਮ ਇੰਡੀਆ ਨੇ ਜ਼ਿੰਬਾਬਵੇ ਦੌਰੇ ਦੀ ਧਮਾਕੇਦਾਰ ਸ਼ੁਰੂਆਤ ਕੀਤੀ ਹੈ। ਭਾਰਤੀ ਕ੍ਰਿਕਟ ਟੀਮ ਨੇ ਪਹਿਲੇ T20I ‘ਚ ਜ਼ਿੰਬਾਬਵੇ ਨੂੰ 7 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ ਹੈ।
ਹਰਾਰੇ ਵਿੱਚ ਜ਼ਿੰਬਾਬਵੇ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 7 ਵਿਕਟਾਂ ‘ਤੇ 125 ਦੌੜਾਂ ਬਣਾਈਆਂ। ਜਵਾਬ ਵਿੱਚ ਭਾਰਤ ਨੇ 13.2 ਓਵਰਾਂ ਵਿੱਚ 3 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਇਸ ਤਰ੍ਹਾਂ ਟੀਮ ਇੰਡੀਆ ਨੇ 3 ਮੈਚਾਂ ਦੀ T20I ਸੀਰੀਜ਼ ‘ਚ 1-0 ਦੀ ਬੜ੍ਹਤ ਹਾਸਲ ਕਰ ਲਈ ਹੈ। ਇਹ ਸ਼੍ਰੇਅਸ ਅੱਯਰ ਦੀ ਕਪਤਾਨੀ ਵਿੱਚ ਭਾਰਤ ਦੀ ਪਹਿਲੀ ਜਿੱਤ ਵੀ ਰਹੀ।
ਟੀਮ ਇੰਡੀਆ ਦੀ ਇਸ ਸ਼ਾਨਦਾਰ ਜਿੱਤ ਵਿੱਚ 15 ਸਾਲ ਦੇ ਵੈਭਵ ਸੂਰਿਆਵੰਸ਼ੀ ਦਾ ਅਹਿਮ ਯੋਗਦਾਨ ਰਿਹਾ। ਵੈਭਵ ਨੇ 18 ਗੇਂਦਾਂ ‘ਚ ਆਪਣਾ ਅਰਧ-ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ ਆਪਣੀ ਇਸ ਪਾਰੀ ਵਿੱਚ 4 ਚੌਕੇ ਅਤੇ 4 ਛੱਕੇ ਲਗਾਏ। ਵੈਭਵ ਨੇ ਇਸ ਪਾਰੀ ਦੇ ਨਾਲ ਇੰਟਰਨੈਸ਼ਨਲ ਕ੍ਰਿਕਟ ਵਿੱਚ ਨਵਾਂ ਇਤਿਹਾਸ ਵੀ ਰਚ ਦਿੱਤਾ ਹੈ।
ਵੈਭਵ ਸੂਰਿਆਵੰਸ਼ੀ ਨੇ 15 ਸਾਲ 118 ਦਿਨਾਂ ਦੀ ਉਮਰ ਵਿੱਚ ਅਰਧ-ਸੈਂਕੜਾ ਜੜ ਕੇ ਇਤਿਹਾਸ ਰਚਿਆ। ਉਹ ਟੀ-20 ਇੰਟਰਨੈਸ਼ਨਲ ਵਿੱਚ ਫਿਫਟੀ ਲਗਾਉਣ ਵਾਲੇ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਜਿਬਰਾਲਟਰ ਦੇ ਲੁਈ ਬ੍ਰੂਸ ਦਾ ਰਿਕਾਰਡ ਤੋੜਿਆ। ਬ੍ਰੂਸ ਨੇ 16 ਸਾਲ 56 ਦਿਨਾਂ ਦੀ ਉਮਰ ਵਿੱਚ ਇਹ ਉਪਲਬਧੀ ਹਾਸਲ ਕੀਤੀ ਸੀ।
ਜ਼ਿੰਬਾਬਵੇ ਦੀ ਪਲੇਇੰਗ XI
ਬ੍ਰਾਇਨ ਬੇਨੇਟ, ਤਦਿਵਾਨਾਸ਼ੇ ਮਾਰੂਮਾਨੀ (ਵਿਕਟਕੀਪਰ), ਬੇਨ ਕੁਰੇਨ, ਡਿਓਨ ਮਾਇਰਸ, ਸਿਕੰਦਰ ਰਜ਼ਾ (ਕਪਤਾਨ), ਰਿਆਨ ਬਰਲ, ਵੇਸਲੀ ਮਧੇਵੇਰੇ, ਬ੍ਰੈਡ ਇਵਾਂਸ, ਨਿਊਮੈਨ ਨਿਆਮਹੁਰੀ, ਰਿਚਰਡ ਨਗਾਰਵਾ, ਬਲੇਸਿੰਗ ਮੁਜ਼ਾਰਬਾਨੀ।
ਭਾਰਤ ਦੀ ਪਲੇਇੰਗ 11
ਵੈਭਵ ਸੂਰਿਆਵੰਸ਼ੀ, ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਸ਼੍ਰੇਅਸ ਅੱਈਅਰ (ਕਪਤਾਨ), ਤਿਲਕ ਵਰਮਾ, ਰਿੰਕੂ ਸਿੰਘ, ਸ਼ਿਵਮ ਦੂਬੇ, ਰਵੀ ਬਿਸ਼ਨੋਈ, ਪ੍ਰਿੰਸ ਯਾਦਵ, ਅਸ਼ੋਕ ਸ਼ਰਮਾ, ਮਯੰਕ ਯਾਦਵ।























