Ind-NZ FTA: ਭਾਰਤ-ਨਿਊਜ਼ੀਲੈਂਡ ਵਿਚਾਲੇ ਇਤਿਹਾਸਕ ਮੁਕਤ ਵਪਾਰ ਸਮਝੌਤਾ (FTA) ਸਹੀਬੱਧ
-ਵਪਾਰਕ ਸਬੰਧਾਂ ‘ਚ ਨਵੇਂ ਯੁੱਗ ਦੀ ਸ਼ੁਰੂਆਤ!
ਨਵੀ ਦਿੱਲੀ, 27 ਅਪ੍ਰੈਲ 2026 (ਵਿਸ਼ਵ ਵਾਰਤਾ): ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਅੱਜ ਮੁਕਤ ਵਪਾਰ ਸਮਝੌਤਾ (FTA) ਸਹੀਬੱਧ ਹੋ ਗਿਆ ਹੈ।ਜੋ ਵਪਾਰ, ਨਿਵੇਸ਼ ਅਤੇ ਰੁਜ਼ਗਾਰ ਦੇ ਖੇਤਰ ਵਿੱਚ ਵਿਆਪਕ ਬਦਲਾਅ ਲਿਆਉਣ ਵਾਲਾ ਹੈ। ਵਣਜ ਮੰਤਰੀ ਪੀਯੂਸ਼ ਗੋਇਲ ਅਤੇ ਨਿਊਜ਼ੀਲੈਂਡ ਦੇ ਉਨ੍ਹਾਂ ਦੇ ਹਮਰੁਤਬਾ ਟੌਡ ਮੈਕਲੇ ਦੀ ਮੌਜੂਦਗੀ ਵਿੱਚ ਇਸ ਮਹੱਤਵਪੂਰਨ ਸਮਝੌਤੇ ਨੂੰ ਅਧਿਕਾਰਤ ਰੂਪ ਦਿੱਤਾ ਗਿਆ। ਇਹ ਸਮਝੌਤਾ ਭਾਰਤੀ ਅਰਥਵਿਵਸਥਾ ਅਤੇ ਨਿਰਯਾਤਕਾਂ ਲਈ ਵਿਸ਼ਵ ਬਾਜ਼ਾਰ ਵਿੱਚ ਇੱਕ ਵੱਡੀ ਕੂਟਨੀਤਕ ਅਤੇ ਆਰਥਿਕ ਜਿੱਤ ਮੰਨਿਆ ਜਾ ਰਿਹਾ ਹੈ।
ਹੁਣ ਭਾਰਤ ਤੋਂ ਨਿਊਜ਼ੀਲੈਂਡ ਭੇਜੇ ਜਾਣ ਵਾਲੇ ਚਮੜੇ ਦੇ ਉਤਪਾਦ , ਟੈਕਸਟਾਈਲ, ਪਲਾਸਟਿਕ ਅਤੇ ਇੰਜੀਨੀਅਰਿੰਗ ਵਸਤਾਂ ਵਰਗੇ ਸਾਮਾਨ ‘ਤੇ ਕੋਈ ਐਕਸਪੋਰਟ ਡਿਊਟੀ ਨਹੀਂ ਲੱਗੇਗੀ। ਇਸ ਨਾਲ ਕਿਰਤ-ਪ੍ਰਧਾਨ ਖੇਤਰਾਂਨੂੰ ਸਿੱਧਾ ਲਾਭ ਹੋਵੇਗਾ।
ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਇਸ ਨੂੰ ਭਾਰਤ-ਨਿਊਜ਼ੀਲੈਂਡ ਆਰਥਿਕ ਸਬੰਧਾਂ ਵਿੱਚ ਨਵੇਂ ਅਧਿਆਏ ਦੀ ਸ਼ੁਰੂਆਤ ਕਰਾਰ ਦਿੱਤਾ ਹੈ। ਪੀਯੂਸ਼ ਗੋਇਲ ਨੇ ਕਿਹਾ ਕਿ ਇਹ FTA ਭਰੋਸੇ, ਸਾਂਝੀਆਂ ਕਦਰਾਂ-ਕੀਮਤਾਂ ਅਤੇ ਟਿਕਾਊ ਆਰਥਿਕ ਵਿਕਾਸ ਦੇ ਸਾਂਝੇ ਵਿਜ਼ਨ ਨੂੰ ਦਰਸਾਉਂਦਾ ਹੈ। ਇਹ ਸਮਝੌਤਾ ਭਾਰਤ ਲਈ ਓਸ਼ੀਨੀਆ ਅਤੇ ਪ੍ਰਸ਼ਾਂਤ ਟਾਪੂ ਬਾਜ਼ਾਰਾਂ ਤੱਕ ਪਹੁੰਚਣ ਦਾ ਇੱਕ ਗੇਟਵੇ ਵੀ ਬਣੇਗਾ।
ਦੱਸ ਦਈਏ ਕਿ, ਵਰਤਮਾਨ ਵਿੱਚ ਨਿਊਜ਼ੀਲੈਂਡ ਵੱਲੋਂ ਭਾਰਤ ਤੋਂ ਨਿਰਯਾਤ ਕੀਤੇ ਜਾਣ ਵਾਲੇ ਲਗਭਗ 450 ਉਤਪਾਦਾਂ ‘ਤੇ 10 ਫੀਸਦੀ ਟੈਕਸ ਲਗਾਇਆ ਜਾਂਦਾ ਸੀ। ਨਵੇਂ ਸਮਝੌਤੇ ਤਹਿਤ ਇਹ ਸ਼ੁਲਕ ਖ਼ਤਮ ਹੋ ਜਾਵੇਗਾ, ਜਿਸ ਨਾਲ ਭਾਰਤੀ ਕੱਪੜਾ ਅਤੇ ਪਹਿਰਾਵਾ, ਚਮੜਾ ਉਦਯੋਗ, ਟੋਪੀਆਂ, ਚੀਨੀ ਮਿੱਟੀ ਦੇ ਬਰਤਨ (ਸਿਰੈਮਿਕਸ), ਕਾਲੀਨ, ਅਤੇ ਵਾਹਨ ਤੇ ਉਨ੍ਹਾਂ ਦੇ ਪੁਰਜ਼ਿਆਂ ਦੇ ਨਿਰਯਾਤ ਨੂੰ ਭਾਰੀ ਹੁਲਾਰਾ ਮਿਲੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























