Haryana : ਰੋਹਤਕ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ
– ਬਾਸਕਟਬਾਲ ਖਿਡਾਰੀ ਹਾਰਦਿਕ ਰਾਠੀ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਚੰਡੀਗੜ੍ਹ, 27 ਨਵੰਬਰ 2025 (ਵਿਸ਼ਵ ਵਾਰਤਾ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰੋਹਤਕ ਦੇ (Haryana) ਲਖਨ ਮਾਜਰਾ ਪੁੱਜੇ। ਇਥੇ ਸੀਐਮ ਮਾਨ ਨੇ 16 ਸਾਲਾ ਰਾਸ਼ਟਰੀ ਪੱਧਰ ਦੇ ਬਾਸਕਟਬਾਲ ਖਿਡਾਰੀ ਹਾਰਦਿਕ ਰਾਠੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ, ਅਤੇ ਹਾਰਦਿਕ ਰਾਠੀ ਦੀ ਮੌਤ ‘ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਬੀਤੇ 25 ਨਵੰਬਰ ਨੂੰ ਪਿੰਡ ਲਖਨਮਾਜਰਾ ਵਿੱਚ ਇਕ ਰਾਸ਼ਟਰੀ ਬਾਸਕਟਬਾਲ ਖਿਡਾਰੀ ਹਾਰਦਿਕ ਰਾਠੀ ਦੀ ਅਭਿਆਸ ਦੌਰਾਨ ਛਾਤੀ ‘ਤੇ ਬਾਸਕਟਬਾਲ ਦਾ ਖੰਭਾ ਡਿੱਗਣ ਕਾਰਨ ਮੌਤ ਹੋ ਗਈ ਸੀ। ਹਾਰਦਿਕ ਤਿੰਨ ਸਬ-ਜੂਨੀਅਰ ਰਾਸ਼ਟਰੀ ਅਤੇ ਇੱਕ ਯੂਥ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਖੇਡ ਚੁੱਕਾ ਸੀ। ਉਸਨੂੰ ਬਾਸਕਟਬਾਲ ਫੈਡਰੇਸ਼ਨ ਆਫ ਇੰਡੀਆ ਦੀ ਇੰਦੌਰ ਅਕੈਡਮੀ ਲਈ ਵੀ ਚੁਣਿਆ ਗਿਆ ਸੀ। ਇਹ ਹਾਦਸਾ ਮੰਗਲਵਾਰ ਸਵੇਰੇ ਉਸ ਸਮੇਂ ਵਾਪਰਿਆ ਜਦੋਂ ਅਭਿਆਸ ਦੌਰਾਨ ਹਾਰਦਿਕ ‘ਤੇ ਬਾਸਕਟਬਾਲ ਪੋਲ ਡਿੱਗ ਪਿਆ। ਸਾਥੀ ਖਿਡਾਰੀਆਂ ਨੇ ਉਸਨੂੰ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਖੇਡ ਮੰਤਰੀ ਨੂੰ ਇਨ੍ਹਾਂ ਘਟਨਾਵਾਂ ਦਾ ਨੋਟਿਸ ਲੈਣ ਦੀ ਅਪੀਲ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਇਸ ਘਟਨਾ ਤੋਂ ਦੇਸ਼ ਭਰ ਦੇ ਐਥਲੀਟ ਹੈਰਾਨ ਹਨ। ਉਨ੍ਹਾਂ ਨੇ ਬਹਾਦਰਗੜ੍ਹ ਵਿੱਚ ਵੀ ਇਸੇ ਤਰ੍ਹਾਂ ਦੀ ਇੱਕ ਘਟਨਾ ਦਾ ਹਵਾਲਾ ਦਿੱਤਾ, ਜਿੱਥੇ ਘਟੀਆ ਸਮੱਗਰੀ ਦੀ ਵਰਤੋਂ ਕਾਰਨ ਕੁਝ ਦਿਨ ਪਹਿਲਾ ਹਾਦਸਾ ਵਾਪਰਿਆ ਸੀ। ਉਨ੍ਹਾਂ ਕਿਹਾ ਕਿ “ਅਸੀਂ ਤਿੰਨ ਦਿਨਾਂ ਵਿੱਚ ਦੋ ਬਾਸਕਟਬਾਲ ਖਿਡਾਰੀ ਗੁਆ ਦਿੱਤੇ, ਜੋ ਕਿ ਦੁਖਦਾਈ ਹੈ। ਅਜਿਹੇ ਹਾਦਸੇ ਨਹੀਂ ਹੋਣੇ ਚਾਹੀਦੇ। ਦੇਸ਼ ਦੇ ਖੇਡ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਇਸ ਗੰਭੀਰ ਮੁੱਦੇ ‘ਤੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























