ਗੁਰਦਾਸਪੁਰ ਦੇ ਨਿੱਜੀ ਹਸਪਤਾਲ ‘ਚ ਧਮਾਕਾ! ਖਿੜਕੀਆਂ ਅਤੇ ਦਰਵਾਜ਼ਿਆਂ ਦੇ ਸ਼ੀਸ਼ੇ ਟੁੱਟੇ
– ਮੌਕੇ ‘ਤੇ ਪੁੱਜੀ ਭਾਰੀ ਪੁਲਿਸ ਫੋਰਸ!
ਗੁਰਦਾਸਪੁਰ, 2, ਜੂਨ (ਵਿਸ਼ਵ ਵਾਰਤਾ): ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਕਲਾਨੌਰ ਸਥਿਤ ਇਕ ਨਿੱਜੀ ਹਸਪਤਾਲ ‘ਤੇ ਹਮਲਾ ਹੋਇਆ ਹੈ। ਮੰਗਲਵਾਰ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਮੁਲਤਾਨੀ ਹਸਪਤਾਲ ‘ਤੇ ਜ਼ੋਰਦਾਰ ਧਮਾਕਾ ਕੀਤਾ ਗਿਆ। ਖ਼ੁਸ਼ਕਿਸਮਤੀ ਇਹ ਰਹੀ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਹਸਪਤਾਲ ਦੀਆਂ ਖਿੜਕੀਆਂ ਅਤੇ ਦਰਵਾਜ਼ਿਆਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ।
ਘਟਨਾ ਤੋਂ ਤੁਰੰਤ ਬਾਅਦ ਪੂਰੇ ਇਲਾਕੇ ਵਿੱਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਭਾਰੀ ਪੁਲਿਸ ਫ਼ੋਰਸ ਸਮੇਤ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਛਾਨਬੀਨ ਸ਼ੁਰੂ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਸਥਾਨਕ ਡਾਕਟਰਾਂ ਅਤੇ ਵਪਾਰੀਆਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਹੈ।
ਘਟਨਾ ਵਾਲੀ ਥਾਂ ਤੋਂ ਇੱਕ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ। ਇਸ ਫੁਟੇਜ ਵਿੱਚ ਇੱਕ ਸ਼ੱਕੀ ਨੌਜਵਾਨ ਕਾਫ਼ੀ ਸਮੇਂ ਤੱਕ ਹਸਪਤਾਲ ਦੇ ਆਸ-ਪਾਸ ਘੁੰਮਦਾ ਹੋਇਆ ਦਿਖਾਈ ਦੇ ਰਿਹਾ ਹੈ। ਪੁਲਿਸ ਇਸ ਫੁਟੇਜ ਨੂੰ ਕਬਜ਼ੇ ਵਿੱਚ ਲੈ ਕੇ ਸ਼ੱਕੀ ਦੀ ਪਛਾਣ ਕਰਨ ਵਿੱਚ ਜੁਟ ਗਈ ਹੈ।
ਐੱਸ.ਐੱਸ.ਪੀ. ਆਦਿਤਿਆ ਨੇ ਦੱਸਿਆ ਕਿ ਪੁਲਿਸ ਸਟੇਸ਼ਨ ਕਲਾਨੌਰ ਨੂੰ ਸੂਚਨਾ ਮਿਲੀ ਸੀ ਕਿ “ਕਲਾਨੌਰ ਸਥਿਤ ਮੁਲਤਾਨੀ ਹਸਪਤਾਲ ਵਿੱਚ ਕਿਸੇ ਬਹੁਤ ਤੇਜ਼ ਧਮਾਕੇ ਦੀ ਆਵਾਜ਼ ਆਈ ਹੈ। ਸੂਚਨਾ ਮਿਲਦਿਆਂ ਹੀ ਤੁਰੰਤ ਪੁਲਿਸ ਸਟੇਸ਼ਨ ਕਲਾਨੌਰ ਦੇ ਐੱਸ.ਐੱਚ.ਓ. ਅਤੇ ਡੀ.ਐੱਸ.ਪੀ. ਕਲਾਨੌਰ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇੱਥੇ ਹਸਪਤਾਲ ਦੇ ਸ਼ੀਸ਼ੇ ਟੁੱਟੇ ਹੋਏ ਮਿਲੇ ਹਨ, ਘਟਨਾ ਸਥਾਨ ਦਾ ਨਿਰੀਖਣ ਕੀਤਾ ਗਿਆ ਹੈ। ਸਾਡੀ ਫੋਰੈਂਸਿਕ ਟੀਮ ਵੀ ਮੌਕੇ ‘ਤੇ ਮੌਜੂਦ ਹੈ। ਮੈਂ ਇਹ ਸਾਫ਼ ਕਰਨਾ ਚਾਹਾਂਗਾ ਕਿ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਹੈ।” ਪੁਲਿਸ ਵੱਲੋਂ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਸਾਨੂੰ ਇਸ ਸੰਬੰਧ ਵਿੱਚ ਕੁਝ ਬਹੁਤ ਹੀ ਮਹੱਤਵਪੂਰਨ ਸੁਰਾਗ ਮਿਲੇ ਹਨ, ਜਿਨ੍ਹਾਂ ‘ਤੇ ਅਸੀਂ ਕੰਮ ਕਰ ਰਹੇ ਹਾਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























