ਪਟਿਆਲਾ 26 ਨਵੰਬਰ (ਵਿਸ਼ਵ ਵਾਰਤਾ )ਸੰਯੁਕਤ ਕਿਸਾਨ ਮੋਰਚਾ ਦੇ ਕੌਮੀ ਸੱਦੇ ਤਹਿਤ ਅੱਜ 26 ਨਵੰਬਰ ਨੂੰ ਪੰਜਾਬ ਚੈਪਟਰ ਵੱਲੋਂ ਪਟਿਆਲਾ ਦੇ ਪੁੱਡਾ ਗਰਾਂਊਂਡ ਵਿਖੇ ਭਰਵੀਂ ਰੈਲੀ ਕੀਤੀ ਗਈ। ਜਿਸ ਵਿੱਚ ਮਾਲਵੇ ਦੇ ਸੱਤ ਜ਼ਿਲਿਆਂ(ਪਟਿਆਲਾ, ਸੰਗਰੂਰ,ਮੁਹਾਲੀ, ਲੁਧਿਆਣਾ, ਰੋਪੜ, ਫ਼ਤਿਹਗੜ ਸਾਹਿਬ ਅਤੇ ਮਲੇਰਕੋਟਲਾ) ਤੋਂ ਕਿਸਾਨਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਰੈਲੀ ਵਿੱਚ ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਲ 15 ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ।
ਵਰਣਨਯੋਗ ਹੈ ਕਿ ਇਤਿਹਾਸਕ ਦਿੱਲੀ ਮੋਰਚੇ ਦੀ ਛੇਵੀਂ ਵਰੇਗੰਢ ਮੌਕੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਅੱਜ ਪੰਜਾਬ ਵਿੱਚ ਪਟਿਆਲਾ ਤੋਂ ਇਲਾਵਾ ਬਠਿੰਡਾ, ਜਲੰਧਰ ਅਤੇ ਅੰਮ੍ਰਿਤਸਰ ਵਿਖੇ ਵੀ ਕੁੱਲ ਚਾਰ ਰੈਲੀਆਂ ਕੀਤੀਆਂ ਗਈਆਂ।
ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਪੰਜਾਬ ਦੇ ਪਾਣੀਆਂ ਅਤੇ ਖੇਤੀ ਦੇ ਗਹਿਰੇ ਹੋ ਰਹੇ ਸੰਕਟ ਨੂੰ ਹੱਲ ਕਰਨ ਸਬੰਧੀ ਭਵਿੱਖੀ ਪ੍ਰੋਗਰਾਮ ਸਬੰਧੀ ਸਿਆਸੀ ਪਾਰਟੀਆਂ ਨੂੰ ਚੋਣਾਂ ਮੌਕੇ ਸਵਾਲ ਪੁੱਛਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਇੱਕ ਪਾਸੇ ਭਾਜਪਾ ਫਸਲਾਂ ਦੀ ਐਮ ਐਸ ਪੀ ਤੇ ਖ੍ਰੀਦ ਦਾ ਗਾਰੰਟੀ ਕਾਨੂੰਨ ਬਣਾਉਣ ਦੀ ਮੰਗ ਮੰਨਕੇ ਪਿੱਛੇ ਹਟ ਗਈ। ਦੂਜੇ ਪਾਸੇ ਪੰਜਾਬ ਸਰਕਾਰ ਪਾਣੀਆਂ ਸਬੰਧੀ ਪੰਜਾਬ ਨਾਲ ਹੋਏ ਕੇਂਦਰੀ ਧੱਕੇ ਦਾ ਚਿੰਨ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78 79 ਅਤੇ 80 ਨੂੰ ਰੱਦ ਕਰਨ ਦਾ ਮਤਾ ਪਾਸ ਕਰਨ ਅਤੇ ਸਹਿਕਾਰੀ ਸੰਸਥਾਵਾਂ ਦੇ ਕਰਜ਼ੇ ਨੂੰ ਲੈਕੇ ਯਕਮੁਸ਼ਤ ਕਰਜ਼ਾ ਨਿਪਟਾਰਾ ਸਕੀਮ ਲਾਗੂ ਕਰਨ ਸਮੇਤ ਹੋਰ ਮੰਨੀਆਂ ਹੋਈਆਂ ਮੰਗਾਂ ਸਬੰਧੀ ਵਿਧਾਨ ਸਭਾ ਵਿੱਚ ਮਤਾ ਪਾਉਣ ਤੋਂ ਟਾਲਾ ਵੱਟ ਗਈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਵਿੱਚ ਇਸ ਸਬੰਧੀ ਰਣਨੀਤੀ ਘੜ ਕੇ ਦੋਵੇਂ ਸਰਕਾਰਾਂ ਚਲਾਉਣ ਵਾਲੀਆਂ ਪਾਰਟੀਆਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾਵੇਗਾ।

ਬੁਲਾਰਿਆਂ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਅਮਰੀਕੀ ਦਬਾਅ ਹੇਠ ਕਿਸੇ ਵੀ ਤਰ੍ਹਾਂ ਦੇ ਦੇਸ਼ ਵਿਰੋਧੀ ਕਰ ਮੁਕਤ ਸਮਝੌਤੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਅਮਰੀਕੀ ਸਰਕਾਰ ਵਲੋਂ ਭਾਰਤ ਉਤੇ 25% ਟੈਰਿਫ ਲਾਉਣ ਦੀ ਨੀਤੀ ਨੂੰ ਸਾਮਰਾਜੀ ਧੌਸਗਿਰੀ ਕਰਾਰ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਵਲੋਂ ਅਮਰੀਕਾ ਸਾਹਮਣੇ ਗੋਡੇ ਟੇਕਣ ਦੀ ਨੀਤੀ ਨੂੰ ਦੇਸ਼ ਵਾਸੀ ਮੁਆਫ ਨਹੀ ਕਰਨਗੇ।
ਸੰਯੁਕਤ ਕਿਸਾਨ ਮੋਰਚਾ ਦੇ ਬੁਲਾਰਿਆਂ ਨੇ ਗੰਨੇ ਦੇ ਭਾਅ ਵਿੱਚ 15 ਰੁਪਏ ਦੇ ਕੀਤੇ ਵਾਧੇ ਨੂੰ ਨਿਗੂਣਾ ਵਾਧਾ ਕਰਾਰ ਦਿੰਦਿਆਂ ਕਿਹਾ ਕਿ ਲਾਗਤ ਖਰਚਿਆਂ ਵਿੱਚ ਵਾਧਾ ਅਤੇ ਖੰਡ ਦੀਆਂ ਅਸਮਾਨੀ ਚੜੀਆ ਕੀਮਤਾਂ ਦੇ ਬਾਵਜੂਦ ਨਿਗੂਣਾ ਵਾਧਾ ਕਰਕੇ ਪੰਜਾਬ ਸਰਕਾਰ ਨੇ ਗੰਨਾ ਕਾਸ਼ਤਕਾਰਾਂ ਨਾਲ ਕੌਝਾ ਮਜ਼ਾਕ ਕੀਤਾ ਹੈ। ਬੁਲਾਰਿਆਂ ਨੇ ਗੰਨੇ ਦਾ ਭਾਅ 500 ਰੁਪਏ ਪ੍ਰਤੀ ਕੁਇੰਟਲ ਅਤੇ ਇੱਕ ਖਿੜਕੀ ਇੱਕ ਭੁਗਤਾਨ ਸਕੀਮ ਲਾਗੂ ਕਰਕੇ ਬਕਾਇਆ ਰਾਸ਼ੀ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ।
ਰੈਲੀ ਦੀ ਪ੍ਰਧਾਨਗੀ ਜਗਮੋਹਨ ਸਿੰਘ, ਜਰਨੈਲ ਸਿੰਘ ਜਹਾਂਗੀਰ, ਮਨਜੀਤ ਸਿੰਘ ਧਨੇਰ, ਪਰਮਿੰਦਰ ਸਿੰਘ ਪਾਲਮਾਜਰਾ, ਕੁਲਵੰਤ ਸਿੰਘ ਮੌਲਵੀਵਾਲਾ , ਹਰਭਜਨ ਸਿੰਘ ਧੂਹੜ ਆਦਿ ਨੇ ਕੀਤੀ।
ਰੈਲੀ ਨੂੰ ਬਲਵੀਰ ਰਾਜੇਵਾਲ, ਡਾ. ਦਰਸ਼ਨਪਾਲ
ਗੁਰਮੀਤ ਸਿੰਘ ਭੱਟੀਵਾਲ,
ਦਲਵੀਰ ਸਿੰਘ ਸਿੱਧੂਪੁਰ, ਰਾਮਿੰਦਰ ਸਿੰਘ ਪਟਿਆਲਾ,
ਬੂਟਾ ਸਿੰਘ ਸ਼ਾਦੀਪੁਰ, ਧਰਮਪਾਲ ਸ਼ੀਲ,ਮੋਹਨ ਸਿੰਘ ਧਮਾਣਾ, ਪ੍ਰੇਮ ਸਿੰਘ ਭੰਗੂ,ਅੰਗਰੇਜ਼ ਸਿੰਘ ਭਦੌੜ, ਗੁਰਮੀਤ ਸਿੰਘ ਦਿੱਤੂਪੁਰ,ਜਰਨੈਲ ਸਿੰਘ ਮਕਰੋੜ ,ਜਸਵੀਰ ਸਿੰਘ ਝੱਜ,ਜਸਵੀਰ ਸਿੰਘ ਖੇੜੀ ਅਤੇ ਜਗਪਾਲ ਸਿੰਘ ਊਧਾ ਨੇ ਸੰਬੋਧਨ ਕੀਤਾ
ਸੰਚਾਲਨ ਕਮੇਟੀ ਦੇ ਤੌਰ ਤੇ ਜਿੰਮੇਵਾਰੀ ਸੰਚਾਲਨ ਕਮੇਟੀ
ਦਰਸ਼ਨ ਬੇਲੂਮਾਜਰਾ,
ਦਵਿੰਦਰ ਸਿੰਘ ਪੂਨੀਆ ,
ਦਲਜਿੰਦਰ ਸਿੰਘ ਆਲੋਵਾਲ,
ਹਜੂਰਾ ਸਿੰਘ ਅਤੇ ਜ਼ੋਰਾਵਰ ਸਿੰਘ ਬਲਬੇੜਾ ਨੇ ਨਿਭਾਈ ।























