Fazilka : ਮੈਡੀਕਲ ਸਟਾਫ ਨੇ ਨਹੀਂ ਕਰਵਾਈ ਡਿਲੀਵਰੀ, ਪਰਿਵਾਰਿਕ ਮਹਿਲਾਵਾਂ ਨੇ ਖੁਦ ਹੀ ਕਰਵਾਇਆ ਬੱਚੇ ਦਾ ਜਣੇਪਾ
ਫਾਜ਼ਿਲਕਾ, 12 ਸਤੰਬਰ ( ਵਿਸ਼ਵ ਵਾਰਤਾ)Fazilka : ਪੂਰੇ ਪੰਜਾਬ ਦੇ ਵਿੱਚ ਡਾਕਟਰਾਂ ਦੀ ਹੜਤਾਲ ਦੇ ਚਲਦਿਆਂ ਅੱਜ ਓਪੀਡੀ ਸੇਵਾਵਾਂ ਮੁਕੰਮਲ ਤੌਰ ਤੇ ਬੰਦ ਹਨ। ਪਰ ਡਾਕਟਰਾਂ ਦਾ ਇਹ ਦਾਅਵਾ ਹੈ ਕਿ ਬੱਚੇ ਦੇ ਜਣੇਪੇ ਦੀ ਡਾਕਟਰੀ ਸਹਾਇਤਾ ਬੰਦ ਨਹੀਂ ਕੀਤੀ ਗਈ ਹੈ। ਡਾਕਟਰਾਂ ਵੱਲੋਂ ਜਣੇਪੇ ਦੀਆਂ ਸੇਵਾਵਾਂ ਜਾਰੀ ਰੱਖਣ ਦੇ ਦਾਅਵਿਆਂ ਦੇ ਬਾਵਜੂਦ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਪਰਿਵਾਰਿਕ ਔਰਤਾਂ ਵੱਲੋਂ ਖੁਦ ਹੀ ਬੱਚੇ ਦਾ ਜਣੇਪਾ ਕਰਵਾਉਣ ਦੀ ਖਬਰ ਸਾਹਮਣੇ ਆਈ ਹੈ। ਬੱਚੇ ਨੂੰ ਜਨਮ ਦੇਣ ਵਾਲੀ ਮਹਿਲਾ ਅਤੇ ਉਸਦੀਆਂ ਪਰਿਵਾਰਿਕ ਔਰਤਾਂ ਨੇ ਹਸਪਤਾਲ ਦੇ ਡਾਕਟਰਾਂ ਦੇ ਉੱਪਰ ਲਾਪਰਵਾਹੀ ਦੇ ਇਲਜ਼ਾਮ ਲਗਾਏ।
ਪਰਿਵਾਰਿਕ ਔਰਤਾਂ ਨੇ ਹਸਪਤਾਲ ਦੇ ਬੈੱਡ ਤੇ ਖੁਦ ਹੀ ਡਿਲੀਵਰੀ ਕਰਵਾਈ। ਡਿਲੀਵਰੀ ਤੋਂ ਬਾਅਦ ਮਾਂ ਅਤੇ ਬੱਚਾ ਬਿਲਕੁਲ ਸੁਰੱਖਿਤ ਦੱਸੇ ਜਾ ਰਹੇ ਹਨ। ਪਰਿਵਾਰ ਨੇ ਲਾਪਰਵਾਹੀ ਦੇ ਚਲਦਿਆਂ ਸਟਾਫ ਦੇ ਉੱਪਰ ਕਾਰਵਾਈ ਦੀ ਮੰਗ ਕੀਤੀ ਹੈ। ਦੂਸਰੇ ਪਾਸੇ ਇਹਨਾਂ ਇਲਜ਼ਾਮਾਂ ਤੇ ਹਸਪਤਾਲ ਦੇ ਐਸਐਮਓ ਨੇ ਕਿਹਾ ਹੈ ਕਿ ਇਸ ਦੀ ਜਾਂਚ ਕਰਵਾਈ ਜਾਵੇਗੀ। ਪਰਿਵਾਰ ਨੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਨੇ ਡਾਕਟਰਾਂ ਅਤੇ ਸਟਾਫ ਨੂੰ ਬਾਰ-ਬਾਰ ਡਿਲੀਵਰੀ ਕਰਵਾਉਣ ਦੀ ਗੁਜ਼ਾਰਿਸ਼ ਕੀਤੀ, ਪਰ ਸਟਾਫ ਨੇ ਉਹਨਾਂ ਦੀ ਗੱਲ ਤੇ ਗੌਰ ਨਹੀਂ ਕੀਤਾ। ਜਦੋਂ ਗਰਭਵਤੀ ਮਹਿਲਾ ਦਾ ਦਰਦ ਜਿਆਦਾ ਵਧ ਗਿਆ ਤਾਂ ਪਰਿਵਾਰਿਕ ਔਰਤਾਂ ਨੇ ਖੁਦ ਹੀ ਜਣੇਪਾ ਕਰਵਾ ਦਿੱਤਾ। ਇਸ ਪੂਰੇ ਮਾਮਲੇ ਨੂੰ ਲੈ ਕੇ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਐਸਐਮਓ ਡਾ.ਰੋਹਿਤ ਗੋਇਲ ਦਾ ਕਹਿਣਾ ਹੈ ਕਿ ਉਹ ਇਸ ਦੀ ਜਾਂਚ ਕਰਵਾਉਣਗੇ ਅਤੇ ਮਾਮਲੇ ਦੇ ਵਿੱਚ ਜਿੰਮੇਵਾਰ ਸਟਾਫ ਦੇ ਖਿਲਾਫ ਕਾਰਵਾਈ ਵੀ ਅਮਲ ਦੇ ਵਿੱਚ ਲਿਆਂਦੀ ਜਾਵੇਗੀ।