ਭਾਜਪਾ ਆਗੂ ਅਸ਼ਵਨੀ ਸ਼ਰਮਾ ਦੇ ਘਰ ਨੇੜੇ ਧਮਾਕੇ ਦੀ ਆਵਾਜ਼ ਨਾਲ ਫੈਲੀ ਦਹਿਸ਼ਤ!
ਚੰਡੀਗੜ੍ਹ, 2 ਅਗਸਤ 2026 (ਵਿਸ਼ਵ ਵਾਰਤਾ) – ਭਾਜਪਾ ਆਗੂ ਅਸ਼ਵਨੀ ਸ਼ਰਮਾ ਦੇ ਘਰ ਨਿਊ ਬੈਂਕ ਕਾਲੋਨੀ ਦੇ ਬਾਹਰ ਸ਼ਨੀਵਾਰ (ਤੜਕੇ) ਧਮਾਕੇ ਵਰਗੀ ਤੇਜ਼ ਆਵਾਜ਼ ਸੁਣਾਈ ਦੇਣ ਨਾਲ ਇਲਾਕੇ ਵਿੱਚ ਹਫੜਾ ਦਫੜੀ ਮਚ ਗਈ।
ਜਾਣਕਾਰੀ ਅਨੁਸਾਰ ਸਵੇਰੇ ਕਰੀਬ 4:30 ਵਜੇ ਅਸ਼ਵਨੀ ਸ਼ਰਮਾ ਆਪਣੇ ਨਿਵਾਸ ਤੋਂ ਚੰਡੀਗੜ੍ਹ ਲਈ ਰਵਾਨਾ ਹੋ ਗਏ ਸਨ। ਇਸ ਤੋਂ ਕਰੀਬ ਇੱਕ ਘੰਟੇ ਬਾਅਦ, ਸਵੇਰੇ ਲਗਭਗ 5:30 ਵਜੇ ਉਹਨਾਂ ਦੇ ਘਰ ਤੋਂ ਕਰੀਬ 50 ਮੀਟਰ ਦੀ ਦੂਰੀ ‘ਤੇ ਤੇਜ਼ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ। ਪੰਜਾਬ ਦੇ ਮੌਜੂਦਾ ਸੁਰੱਖਿਆ ਹਾਲਾਤਾਂ ਅਤੇ ਪਠਾਨਕੋਟ ਦੇ ਸੰਵੇਦਨਸ਼ੀਲ ਜ਼ਿਲ੍ਹਾ ਹੋਣ ਕਰਕੇ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ।
ਘਟਨਾ ਤੋਂ ਬਾਅਦ ਆਸ-ਪਾਸ ਦੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ, ਖ਼ੁਫ਼ੀਆ ਏਜੰਸੀਆਂ, ਫੋਰੈਂਸਿਕ ਟੀਮ ਅਤੇ ਡੌਗ ਸਕੁਐਡ ਮੌਕੇ ‘ਤੇ ਪਹੁੰਚ ਗਏ। ਪੂਰੇ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕੀਤੀ ਗਈ ਅਤੇ ਆਸ-ਪਾਸ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁੱਟੇਜ ਖੰਘਾਲੀ ਗਈ।
ਮੌਕੇ ‘ਤੇ ਪਹੁੰਚੇ ਐੱਸ.ਪੀ. ਮਨੋਜ ਠਾਕੁਰ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਕਿਸੇ ਵਿਸਫੋਟਕ ਸਮੱਗਰੀ ਦੀ ਵਰਤੋਂ ਦੇ ਸੰਕੇਤ ਨਹੀਂ ਮਿਲੇ ਹਨ। ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਸਥਾਨਕ ਨੌਜਵਾਨ ਅਭਿਸ਼ੇਕ ਨੇ ਪਟਾਕਾ ਚਲਾਇਆ ਸੀ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਸਾਰੇ ਪਹਿਲੂਆਂ ਦੀ ਜਾਂਚ ਜਾਰੀ ਹੈ। ਫਿਲਹਾਲ ਪੁਲਿਸ ਨੇ ਲੋਕਾਂ ਨੂੰ ਅਫ਼ਵਾਹਾਂ ‘ਤੇ ਧਿਆਨ ਨਾ ਦੇਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ ਦੀ ਅਪੀਲ ਕੀਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























