Cricket: ਆਸਟ੍ਰੇਲੀਆ ਦੇ ਸਟਾਰ ਆਲਰਾਊਂਡਰ ਗਲੇਨ ਮੈਕਸਵੈੱਲ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
ਚੰਡੀਗੜ੍ਹ, 3 ਨਵੰਬਰ (ਵਿਸ਼ਵ ਵਾਰਤਾ): ਆਸਟ੍ਰੇਲੀਆ ਦੇ ਧਮਾਕੇਦਾਰ ਆਲਰਾਊਂਡਰ ਗਲੇਨ ਮੈਕਸਵੈੱਲ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 38 ਸਾਲਾ ਮੈਕਸਵੈੱਲ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੌਰਾਨ ਤਿੰਨਾਂ ਫਾਰਮੈਟਾਂ ਵਿੱਚ ਕੁੱਲ 286 ਮੈਚ ਖੇਡੇ। ਇਸ ਦੌਰਾਨ ਉਨ੍ਹਾਂ ਨੇ 7,226 ਦੌੜਾਂ ਬਣਾਈਆਂ ਅਤੇ 136 ਵਿਕਟਾਂ ਹਾਸਲ ਕੀਤੀਆਂ।
ਮੈਕਸਵੈੱਲ ਨੇ ਸਾਲ 2012 ਵਿੱਚ ਅਫਗਾਨਿਸਤਾਨ ਖ਼ਿਲਾਫ਼ ਵਨਡੇ ਮੈਚ ਰਾਹੀਂ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕਦਮ ਰੱਖਿਆ ਸੀ। ਆਪਣੀ ਹਮਲਾਵਰ ਬੱਲੇਬਾਜ਼ੀ, ਸ਼ਾਨਦਾਰ ਪਾਵਰ ਹਿਟਿੰਗ ਅਤੇ ਵਿਲੱਖਣ ਸ਼ਾਟਾਂ ਕਾਰਨ ਉਨ੍ਹਾਂ ਨੇ ਦੁਨੀਆ ਦੇ ਖ਼ਤਰਨਾਕ ਵ੍ਹਾਈਟ-ਬਾਲ ਬੱਲੇਬਾਜ਼ਾਂ ਵਿੱਚ ਆਪਣੀ ਪਛਾਣ ਬਣਾਈ। ਉਹ ਆਪਣੀ ਬੱਲੇਬਾਜ਼ੀ ਨਾਲ ਕਿਸੇ ਵੀ ਸਮੇਂ ਮੈਚ ਦਾ ਰੁਖ਼ ਬਦਲਣ ਦੀ ਸਮਰੱਥਾ ਰੱਖਦੇ ਸਨ। ਇਸ ਤੋਂ ਇਲਾਵਾ ਆਫ ਸਪਿਨ ਗੇਂਦਬਾਜ਼ੀ ਅਤੇ ਸ਼ਾਨਦਾਰ ਫੀਲਡਿੰਗ ਨੇ ਉਨ੍ਹਾਂ ਨੂੰ ਇੱਕ ਮੁਕੰਮਲ ਆਲਰਾਊਂਡਰ ਬਣਾਇਆ।
ਮੈਕਸਵੈੱਲ ਦੇ ਕਰੀਅਰ ਦੀਆਂ ਸਭ ਤੋਂ ਯਾਦਗਾਰ ਪਾਰੀਆਂ ਵਿੱਚ 2023 ਦੇ ਵਨਡੇ ਵਿਸ਼ਵ ਕੱਪ ਦੌਰਾਨ ਅਫਗਾਨਿਸਤਾਨ ਖ਼ਿਲਾਫ਼ ਬਣਾਏ ਨਾਬਾਦ 201 ਦੌੜਾਂ ਸ਼ਾਮਲ ਹਨ। ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਆਸਟ੍ਰੇਲੀਆ ਨੂੰ 292 ਦੌੜਾਂ ਦਾ ਟੀਚਾ ਮਿਲਿਆ ਸੀ। ਇੱਕ ਸਮੇਂ ਟੀਮ ਨੇ ਸਿਰਫ਼ 91 ਦੌੜਾਂ ’ਤੇ ਸੱਤ ਵਿਕਟਾਂ ਗੁਆ ਦਿੱਤੀਆਂ ਸਨ ਅਤੇ ਹਾਰ ਦਾ ਖ਼ਤਰਾ ਮੰਡਰਾ ਰਿਹਾ ਸੀ।
ਇਸ ਮੁਸ਼ਕਲ ਸਥਿਤੀ ਵਿੱਚ ਮੈਕਸਵੈੱਲ ਨੇ ਸਰੀਰਕ ਤਕਲੀਫ਼ ਅਤੇ ਮਾਸਪੇਸ਼ੀਆਂ ਵਿੱਚ ਖਿਚਾਅ ਦੇ ਬਾਵਜੂਦ 128 ਗੇਂਦਾਂ ’ਤੇ ਨਾਬਾਦ 201 ਦੌੜਾਂ ਦੀ ਇਤਿਹਾਸਕ ਪਾਰੀ ਖੇਡੀ ਅਤੇ ਆਸਟ੍ਰੇਲੀਆ ਨੂੰ ਤਿੰਨ ਵਿਕਟਾਂ ਨਾਲ ਜਿੱਤ ਦਿਵਾਈ। ਉਨ੍ਹਾਂ ਦੀ ਇਸ ਪਾਰੀ ਨੂੰ ਵਨਡੇ ਕ੍ਰਿਕਟ ਦੇ ਇਤਿਹਾਸ ਦੀਆਂ ਯਾਦਗਾਰ ਪਾਰੀਆਂ ਵਿੱਚ ਗਿਣਿਆ ਜਾਂਦਾ ਹੈ।






















