Election Results : ਵੋਟਾਂ ਦੀ ਗਿਣਤੀ ਜਾਰੀ : ਸ਼ੁਰੂਆਤੀ ਰੁਝਾਨ ‘ਚ ‘ਆਪ‘ ਅੱਗੇ ; ਅਕਾਲੀ ਦਲ ਤੇ ਕਾਂਗਰਸ ਨੂੰ ਮਿਲੀਆਂ ਇੰਨੀਆਂ ਸੀਟਾਂ
ਚੰਡੀਗੜ੍ਹ, 29 ਮਈ(ਵਿਸ਼ਵ ਵਾਰਤ) ਪੰਜਾਬ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਵਿੱਚ 26 ਮਈ ਨੂੰ ਹੋਈਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8:00 ਵਜੇ ਤੋਂ ਜਾਰੀ ਹੈ। ਸਮਾਣਾ ਨਗਰ ਕੌਂਸਲ ਵਿਖੇ ਗਿਣਤੀ 35 ਮਿੰਟ ਦੀ ਦੇਰੀ ਨਾਲ ਸ਼ੁਰੂ ਹੋਈ।
ਸੂਬੇ ਭਰ ਵਿੱਚ ਕੁੱਲ 115 ਗਿਣਤੀ ਕੇਂਦਰ ਸਥਾਪਤ ਕੀਤੇ ਗਏ ਹਨ, ਜਿੱਥੇ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਵੋਟਾਂ ਦੀ ਗਿਣਤੀ ਪ੍ਰਕਿਰਿਆ ਜਾਰੀ ਹੈ। ਕਿਸੇ ਵੀ ਅਣਅਧਿਕਾਰਤ ਵਿਅਕਤੀ ਦੇ ਦਾਖਲੇ ਨੂੰ ਰੋਕਣ ਲਈ ਸਾਰੇ ਕੇਂਦਰਾਂ ਦੇ 100 ਮੀਟਰ ਦੇ ਘੇਰੇ ਵਿੱਚ ਇੱਕ ਸੁਰੱਖਿਆ ਘੇਰਾ ਸਥਾਪਤ ਕੀਤਾ ਗਿਆ ਹੈ।
ਦੱਸ ਦਈਏ ਕਿ ਗਿਣਤੀ ਦੇ ਸ਼ੁਰੂਆਤੀ ਨਤੀਜਿਆਂ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ 78 ਸੀਟਾਂ ਲੈ ਕੇ ਮੋਹਰੀ ਹੈ ਤੇ ਪਾਰਟੀ ਨੇ 44 ਸੀਟਾਂ ’ਤੇ ਲੀਡ ਲਈ ਹੋਈ ਹੈ। ਅਕਾਲੀ ਦਲ 19 ਸੀਟਾਂ ਜਿੱਤ ਕੇ ਦੂਜੇ ਨੰਬਰ ’ਤੇ ਹੈ ਅਤੇ 19 ਸੀਟਾਂ ’ਤੇ ਮੋਹਰੀ ਹੈ ਜਦੋਂ ਕਿ ਕਾਂਗਰਸ ਨੇ 17 ਸੀਟਾਂ ਜਿੱਤ ਲਈਆਂ। 11 ਸੀਟਾਂ ਆਜ਼ਾਦ ਉਮੀਦਵਾਰਾਂ ਨੇ ਜਿੱਤ ਲਈਆਂ ਹਨ।
ਚੋਣ ਕਮਿਸ਼ਨ ਦੇ ਅਨੁਸਾਰ, ਇੱਕ ਵਾਰਡ ਲਈ ਵੋਟਾਂ ਦੀ ਪੂਰੀ ਗਿਣਤੀ ਇੱਕ ਹੀ ਦੌਰ ਵਿੱਚ ਕੀਤੀ ਜਾਵੇਗੀ। ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਉਮੀਦ ਪ੍ਰਗਟਾਈ ਹੈ ਕਿ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਜ਼ਿਆਦਾਤਰ ਨਤੀਜੇ ਦੁਪਹਿਰ 12:00 ਵਜੇ ਤੱਕ ਘੋਸ਼ਿਤ ਕਰ ਦਿੱਤੇ ਜਾਣਗੇ। ਹਰੇਕ ਗਿਣਤੀ ਕੇਂਦਰ ਵਿੱਚ 10 ਤੋਂ 14 ਗਿਣਤੀ ਟੇਬਲ ਲਗਾਏ ਗਏ ਹਨ।























