Dussehra 2025 : ਦੇਸ਼ ਭਰ ‘ਚ ਦੁਸਹਿਰੇ ਦੇ ਤਿਓਹਾਰ ਦੀ ਰੌਣਕ; ਦਿੱਲੀ ‘ਚ ਰਾਸ਼ਟਰਪਤੀ ਮੁਰਮੂ ਨੇ ਕੀਤਾ ਰਾਵਣ ਦਹਿਨ
– ਪੰਜਾਬ, ਚੰਡੀਗੜ੍ਹ – ਹਿਮਾਚਲ ਪ੍ਰਦੇਸ਼ ਵਿੱਚ ਵੀ ਉਤਸ਼ਾਹ ਨਾਲ ਮਨਾਇਆ ਗਿਆ ਦੁਸਹਿਰਾ
ਨਵੀ ਦਿੱਲੀ, 2 ਅਕਤੂਬਰ 2025 (ਵਿਸ਼ਵ ਵਾਰਤਾ) – ਅੱਜ ਦੇਸ਼ ਭਰ ‘ਚ ਦੁਸਹਿਰੇ ਦਾ ਤਿਓਹਾਰ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਨਾ ਸਿਰਫ਼ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ, ਸਗੋਂ ਧਾਰਮਿਕਤਾ, ਸਕਾਰਾਤਮਕ ਊਰਜਾ ਅਤੇ ਪਰਿਵਾਰਕ ਖੁਸ਼ਹਾਲੀ ਦਾ ਸੰਦੇਸ਼ ਵੀ ਦਿੰਦਾ ਹੈ। ਅੱਜਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦਿੱਲੀ ਦੇ ਲਾਲ ਕਿਲ੍ਹੇ ਦੇ ਮੈਦਾਨ ਵਿੱਚ ਸ਼੍ਰੀ ਧਾਰਮਿਕ ਲੀਲਾ ਸਮਿਤੀ ਦੁਆਰਾ ਆਯੋਜਿਤ ਵਿਜੇਦਸ਼ਮੀ ਸਮਾਰੋਹ ਵਿੱਚ ਸ਼ਿਰਕਤ ਕੀਤੀ। ਰਾਸ਼ਟਰਪਤੀ ਨੇ ਪ੍ਰਤੀਕਾਤਮਕ ਤੌਰ ‘ਤੇ ਤੀਰ ਚਲਾ ਕੇ ਰਾਵਣ ਦਹਿਨ ਕੀਤਾ।

ਉਨ੍ਹਾਂ ਕਿਹਾ ਕਿ ਮਨੁੱਖਤਾ ਚੰਗਿਆਈ ਦੀ ਜਿੱਤ ਨਾਲ ਵਧਦੀ-ਫੁੱਲਦੀ ਹੈ ਅਤੇ ਭਾਰਤੀ ਫੌਜ ਦਾ ਆਪ੍ਰੇਸ਼ਨ ਸਿੰਦੂਰ ਅੱਤਵਾਦ ਦੇ ਰਾਵਣ ਉੱਤੇ ਮਨੁੱਖਤਾ ਦੀ ਜਿੱਤ ਦਾ ਪ੍ਰਤੀਕ ਹੈ। ਵਿਜੇਦਸ਼ਮੀ ਦੇ ਮੌਕੇ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਜਦੋਂ ਅੱਤਵਾਦ ਦਾ ਦਾਨਵ ਮਨੁੱਖਤਾ ‘ਤੇ ਹਮਲਾ ਕਰਦਾ ਹੈ, ਤਾਂ ਉਸਨੂੰ ਮਾਰਨਾ ਜ਼ਰੂਰੀ ਹੋ ਜਾਂਦਾ ਹੈ। ਭਾਰਤੀ ਫੌਜ ਦੁਆਰਾ ਕੀਤਾ ਗਿਆ ਆਪ੍ਰੇਸ਼ਨ ਸਿੰਦੂਰ, ਅੱਤਵਾਦ ਦੇ ਰਾਵਣ ‘ਤੇ ਮਨੁੱਖਤਾ ਦੀ ਜਿੱਤ ਦਾ ਪ੍ਰਤੀਕ ਹੈ। ਇਸ ਲਈ ਅਸੀਂ ਭਾਰਤ ਮਾਤਾ ਦੀ ਰੱਖਿਆ ਕਰਨ ਵਾਲੇ ਹਰ ਯੋਧੇ ਨੂੰ ਸਲਾਮ ਕਰਦੇ ਹਾਂ ਅਤੇ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ।

ਦੱਸ ਦਈਏ ਕਿ ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਦੁਸਹਿਰਾ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਵਿੱਚ ਵੀ ਰਾਵਣ ਦਹਿਨ ਕੀਤਾ ਜਾ ਚੁੱਕਾ ਹੈ। ਲੁਧਿਆਣਾ ਦੇ ਦਰੇਸੀ ਗਰਾਊਂਡ ਵਿੱਚ ਸੂਬੇ ਦਾ ਸਭ ਤੋਂ ਵੱਡਾ 121 ਫੁੱਟ ਦਾ ਪੁਤਲਾ ਸਾੜਿਆ ਗਿਆ। ਇਸ ਪੁਤਲੇ ਨੂੰ ਦੇਖਣ ਲਈ ਵੱਡੀ ਭੀੜ ਇਕੱਠੀ ਹੋਈ। ਉਪਕਾਰ ਨਗਰ ਵਿੱਚ ਵੀ ਸੈਂਕੜੇ ਲੋਕ ਪੁਤਲੇ ਨੂੰ ਸਾੜਦੇ ਦੇਖਣ ਲਈ ਇਕੱਠੇ ਹੋਏ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























