ਧੂਰੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ! SBI ਬੈਂਕ ਦੀ ਛੋਟੀ ਬਰਾਂਚ ਸ਼ੇਰਪੁਰ ਲੁੱਟਕਾਂਡ ਦੇ ਦੋਸ਼ੀ ਗ੍ਰਿਫ਼ਤਾਰ
ਸੰਗਰੂਰ, 21 ਜੂਨ (ਵਿਸ਼ਵ ਵਾਰਤਾ): ਧੂਰੀ ਪੁਲਿਸ ਨੇ ਐਸਬੀਆਈ ਬੈਂਕ ਦੀ ਸ਼ੇਰਪੁਰ ਸਥਿਤ ਛੋਟੀ ਬਰਾਂਚ ਵਿੱਚ ਹੋਈ ਲੁੱਟਕਾਂਡ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। 18 ਮਈ ਨੂੰ ਗਨ ਪੁਆਇੰਟ ‘ਤੇ ਕਰੀਬ 40 ਹਜ਼ਾਰ ਰੁਪਏ ਦੀ ਲੁੱਟ ਕੀਤੀ ਗਈ ਸੀ।
ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਦਿਨ ਵੇਲੇ ਬੈਂਕ ਦੀ ਰੇਕੀ ਕੀਤੀ ਅਤੇ ਸ਼ਾਮ ਕਰੀਬ 5 ਵਜੇ ਗਾਹਕਾਂ ਦੇ ਜਾਣ ਤੋਂ ਬਾਅਦ ਪਿਸਤੌਲ ਦੀ ਨੋਕ ‘ਤੇ ਮਹਿਲਾ ਕਰਮਚਾਰੀ ਨੂੰ ਡਰਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਤੋਂ ਬਾਅਦ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਅਤੇ ਹੋਰ ਤਕਨੀਕੀ ਸਬੂਤਾਂ ਦੇ ਆਧਾਰ ‘ਤੇ ਜਾਂਚ ਸ਼ੁਰੂ ਕੀਤੀ ਗਈ।
ਧੂਰੀ ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰਦੇ ਹੋਏ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਅਤੇ ਰੇਕੀ ਲਈ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਹੈ। ਇਸ ਤੋਂ ਇਲਾਵਾ ਤਿੰਨ ਹੋਰ ਚੋਰੀ ਦੇ ਮੋਟਰਸਾਈਕਲ ਵੀ ਪੁਲਿਸ ਨੇ ਬਰਾਮਦ ਕੀਤੇ ਹਨ। ਪੁਲਿਸ ਅਨੁਸਾਰ ਮੁਲਜ਼ਮਾਂ ਦਾ ਧੂਰੀ ਅਤੇ ਸ਼ੇਰਪੁਰ ਇਲਾਕੇ ਵਿੱਚ ਹੋਈਆਂ ਹੋਰ ਚੋਰੀਆਂ ਅਤੇ ਵਾਰਦਾਤਾਂ ਨਾਲ ਵੀ ਸਬੰਧ ਸਾਹਮਣੇ ਆਇਆ ਹੈ।ਡੀਐਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਹੋਰ ਵਾਰਦਾਤਾਂ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























