ਰਾਹੁਲ ਅਤੇ ਪ੍ਰਿਯੰਕਾ ਗਾਂਧੀ ਨੂੰ ਦਿੱਲੀ ਪੁਲਿਸ ਨੇ ਲਿਆ ਹਿਰਾਸਤ ‘ਚ
ਨਵੀ ਦਿੱਲੀ, 6 ਅਕਤੂਬਰ (ਵਿਸ਼ਵ ਵਾਰਤਾ): ਚੋਣ ਕਮਿਸ਼ਨ ਅਤੇ ਵੋਟਰ ਸੂਚੀ ਦੀ ਵਿਸ਼ੇਸ਼ ਗੰਭੀਰ ਪੜਤਾਲ ਯਾਨੀ SIR (ਸਪੈਸ਼ਲ ਇੰਟੈਂਸਿਵ ਰੀਵਿਜ਼ਨ) ਨੂੰ ਲੈ ਕੇ ਦਿੱਲੀ ਵਿੱਚ ਮੰਗਲਵਾਰ ਨੂੰ ਵਿਰੋਧੀ ਧਿਰ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਰਾਹੁਲ ਗਾਂਧੀ ਦੇ ਨਾਲ ਕਾਂਗਰਸ ਸਾਂਸਦ ਚਰਨਜੀਤ ਸਿੰਘ ਚੰਨੀ, ਦੀਪੇਂਦਰ ਸਿੰਘ ਹੁੱਡਾ ਅਤੇ ਪਵਨ ਖੇੜਾ ਸਮੇਤ ਕਈ ਹੋਰ ਨੇਤਾ ਵੀ ਮੌਜੂਦ ਸਨ।
ਦਿੱਲੀ ਪੁਲਿਸ ਨੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਹਿਰਾਸਤ ਵਿੱਚ ਲਏ ਗਏ ਸਾਰੇ 250 ਲੋਕਾਂ ਨੂੰ ਕਿੰਗਜ਼ਵੇ ਕੈਂਪ ਪੁਲਿਸ ਸਟੇਸ਼ਨ ਵਿੱਚ ਰੱਖਿਆ ਗਿਆ ਹੈ। SIR ਦੇ ਵਿਰੋਧ ਅਤੇ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ 8 ਘੰਟੇ ਤੋਂ ਵੱਧ ਸਮੇਂ ਤੋਂ ਆਕਾਸ਼ਵਾਣੀ ਭਵਨ ਕੰਪਲੈਕਸ ਵਿੱਚ ਧਰਨੇ ‘ਤੇ ਬੈਠੇ ਸਨ। ਰਾਹੁਲ ਨੇ ਕਿਹਾ ਕਿ, “ਉਹ ਗਿਆਨੇਸ਼ ਕੁਮਾਰ ਨੂੰ ਮਿਲੇ ਬਿਨਾਂ ਕਿਤੇ ਨਹੀਂ ਜਾਣਗੇ।” ਪੁਲਿਸ ਜਦੋਂ ਉਨ੍ਹਾਂ ਨੂੰ ਹਟਾਉਣ ਪਹੁੰਚੀ, ਤਾਂ ਕਰਮਚਾਰੀਆਂ ਨੇ ਉਨ੍ਹਾਂ ਨੂੰ ਘੇਰ ਲਿਆ।
ਦੱਸ ਦਈਏ ਕਿ ਮੰਗਲਵਾਰ ਸਵੇਰੇ 10 ਵਜੇ ਸੰਸਦ ਦੇ ਮਕਰ ਦੁਆਰ ਤੋਂ ਸ਼ੁਰੂ ਹੋਇਆ ਵਿਰੋਧੀ ਧਿਰਾਂ ਦਾ ‘ਸੇਵ ਡੈਮੋਕ੍ਰੇਸੀ ਮਾਰਚ’ ਪੁਲਿਸ ਨੇ ਦੁਪਹਿਰ 12:30 ਵਜੇ ਆਕਾਸ਼ਵਾਣੀ ਦੇ ਨੇੜੇ ਰੋਕ ਦਿੱਤਾ ਸੀ। ਇਸ ਤੋਂ ਬਾਅਦ ਰਾਹੁਲ-ਪ੍ਰਿਯੰਕਾ ਨੂੰ ਬੱਸ ਵਿੱਚ ਬਿਠਾਇਆ ਗਿਆ, ਪਰ ਦੋਵੇਂ ਉਤਰ ਕੇ ਉੱਥੇ ਹੀ ਧਰਨੇ ‘ਤੇ ਬੈਠ ਗਏ। ਰਾਹੁਲ ਦਾ ਦਾਅਵਾ ਸੀ ਕਿ 20 ਵਿਰੋਧੀ ਪਾਰਟੀਆਂ ਦੇ 300 ਤੋਂ ਵੱਧ ਸਾਂਸਦ ਮੌਜੂਦ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























