Delhi Hotel Fire: ਮੈਕਸ ਹਸਪਤਾਲ ਨੇ ਜਾਰੀ ਕੀਤਾ ਬਿਆਨ
– ਡਾਕਟਰਾਂ ਦੀ ਟੀਮ ਲਗਾਤਾਰ ਕਰ ਰਹੀ ਹੈ ਨਿਗਰਾਨੀ
ਨਵੀ ਦਿੱਲੀ , 4 ਜੂਨ (ਵਿਸ਼ਵ ਵਾਰਤਾ) : ਦਿੱਲੀ ਦੇ ਮਾਲਵੀਆ ਨਗਰ ਵਿੱਚ ਹੋਟਲ ਵਿੱਚ ਅੱਗ ਲੱਗਣ ਤੋਂ ਬਾਅਦ 21 ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਮਰੀਜ਼ ਅਜੇ ਹਸਪਤਾਲ ਵਿੱਚ ਦਾਖਲ ਹਨ।ਸਾਕੇਤ ਸਥਿਤ ਮੈਕਸ ਹਸਪਤਾਲ ਨੇ ਅੱਜ ਇੱਕ ਬਿਆਨ ਜਾਰੀ ਕੀਤਾ।
ਹਸਪਤਾਲ ਨੇ ਦੱਸਿਆ ਕਿ ਹੌਜ਼ ਰਾਣੀ ਖੇਤਰ ਦੇ ਇੱਕ ਹੋਟਲ ਵਿੱਚ ਲੱਗੀ ਅੱਗ ਕਾਰਨ ਜ਼ਖ਼ਮੀ ਹੋਏ 15 ਮਰੀਜ਼ ਉੱਥੇ ਦਾਖ਼ਲ ਹਨ। ਇਨ੍ਹਾਂ ਸਾਰਿਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਇਨ੍ਹਾਂ ਵਿੱਚੋਂ 13 ਮਰੀਜ਼ ਵਿਦੇਸ਼ੀ ਨਾਗਰਿਕ ਹਨ।
ਹਸਪਤਾਲ ਦੇ ਬਿਆਨ ਮੁਤਾਬਕ, ਛੇ ਮਰੀਜ਼ ਵੈਂਟੀਲੇਟਰ ‘ਤੇ ਹਨ। ਇਨ੍ਹਾਂ ਸਾਰੇ ਮਰੀਜ਼ਾਂ ਦੀ ਹਾਲਤ ਸਥਿਰ ਬਣੀ ਹੋਈ ਹੈ ਅਤੇ ਉਨ੍ਹਾਂ ਵਿੱਚ ਸੁਧਾਰ ਦੇ ਸਪੱਸ਼ਟ ਲੱਛਣ ਵੀ ਦਿਖਾਈ ਦੇ ਰਹੇ ਹਨ। ਨੌਂ ਮਰੀਜ਼ ਆਈ.ਸੀ.ਯੂ. (ICU) ਅਤੇ ਵਾਰਡ ਵਿੱਚ ਦਾਖ਼ਲ ਹਨ। ਹਸਪਤਾਲ ਨੇ ਪੁਸ਼ਟੀ ਕੀਤੀ ਕਿ ਦਾਖ਼ਲ ਸਾਰੇ ਮਰੀਜ਼ਾਂ ਦੀ ਸਥਿਤੀ ਕੁੱਲ ਮਿਲਾ ਕੇ ਸਥਿਰ ਹੈ। ਇੱਕ ਮਰੀਜ਼ ਨੂੰ ਅੱਜ ਹੀ ਹਸਪਤਾਲ ਤੋਂ ਛੁੱਟੀ ਮਿਲਣ ਦੀ ਉਮੀਦ ਹੈ।
ਹਸਪਤਾਲ ਨੇ ਇਹ ਵੀ ਦੱਸਿਆ ਕਿ ਫਿਲਹਾਲ ਕੋਈ ਵੀ ਮਰੀਜ਼ ਬਹੁਤ ਜ਼ਿਆਦਾ ਗੰਭੀਰ ਹਾਲਤ ਵਿੱਚ ਨਹੀਂ ਹੈ। ਹਾਲਾਂਕਿ, ਮਰੀਜ਼ਾਂ ਦੇ ਜ਼ਖ਼ਮਾਂ ਦੀ ਕਿਸਮ ਅਤੇ ਗੰਭੀਰਤਾ ਵੱਖੋ-ਵੱਖਰੀ ਹੈ। ਡਾਕਟਰਾਂ ਦੀ ਟੀਮ ਲਗਾਤਾਰ ਮਰੀਜ਼ਾਂ ਦੀ ਨਿਗਰਾਨੀ ਕਰ ਰਹੀ ਹੈ। ਦੱਸ ਦਈਏ ਕਿ ਬੀਤੇ ਕੱਲ੍ਹ ਯਾਨੀ ਕਿ ਬੁੱਧਵਾਰ ਨੂੰ ਪੰਜ ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ ਵਿੱਚ 21 ਲੋਕਾਂ ਦੀ ਮੌਤ ਹੋ ਗਈ ਸੀ। ਘਟਨਾ ਤੋਂ ਕੁਝ ਘੰਟਿਆਂ ਬਾਅਦ ਪੁਲਿਸ ਨੇ ਹੋਟਲ ਮਾਲਕ ਲਵਕੇਸ਼ ਬਜਾਜ ਨੂੰ ਹਿਰਾਸਤ ਵਿੱਚ ਲੈ ਲਿਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























