Coldrif cough syrup : ਜ਼ਹਿਰੀਲੇ ਕਫ ਸਿਰਪ ਮਾਮਲੇ ਵਿੱਚ ਵੱਡੀ ਕਾਰਵਾਈ
– ਫਾਰਮਾਸਿਊਟੀਕਲ ਕੰਪਨੀ ਦਾ ਮਾਲਕ ਰੰਗਨਾਥਨ ਗ੍ਰਿਫ਼ਤਾਰ
ਨਵੀ ਦਿੱਲੀ, 9 ਅਕਤੂਬਰ 2025 (ਵਿਸ਼ਵ ਵਾਰਤਾ): ਮੱਧ ਪ੍ਰਦੇਸ਼ ਵਿੱਚ ਬੱਚਿਆਂ ਦੀ ਮੌਤ ਦਾ ਕਾਰਨ ਬਣਨ ਵਾਲੇ ਕੋਲਡਰਿਫ ਕਫ ਸਿਰਪ (Coldrif cough syrup) ਬਣਾਉਣ ਵਾਲੀ ਕੰਪਨੀ ਸ਼੍ਰੀਸਨ ਫਾਰਮਾ ਦੇ ਡਾਇਰੈਕਟਰ ais ਰੰਗਨਾਥਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੱਧ ਪ੍ਰਦੇਸ਼ ਸਰਕਾਰ ਦੁਆਰਾ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (SIT) ਨੇ ਬੁੱਧਵਾਰ ਰਾਤ ਨੂੰ ਚੇਨਈ ਵਿੱਚ ਛਾਪਾ ਮਾਰਿਆ ਅਤੇ ਰੰਗਨਾਥਨ ਨੂੰ ਗ੍ਰਿਫ਼ਤਾਰ ਕਰ ਲਿਆ।
ਐਸਆਈਟੀ ਨੇ ਕੰਪਨੀ ਤੋਂ ਮਹੱਤਵਪੂਰਨ ਦਸਤਾਵੇਜ਼, ਦਵਾਈਆਂ ਦੇ ਨਮੂਨੇ ਅਤੇ ਉਤਪਾਦਨ ਰਿਕਾਰਡ ਵੀ ਜ਼ਬਤ ਕੀਤੇ ਹਨ। ਉਹ ਆਪਣੀ ਪਤਨੀ ਨਾਲ ਫਰਾਰ ਸੀ। ਚੇਨਈ ਵਿੱਚ, ਚੇਨਈ-ਬੈਂਗਲੁਰੂ ਹਾਈਵੇਅ ‘ਤੇ ਰੰਗਨਾਥਨ ਦੇ 2,000 ਵਰਗ ਫੁੱਟ ਦੇ ਅਪਾਰਟਮੈਂਟ ਨੂੰ ਸੀਲ ਕਰ ਦਿੱਤਾ ਗਿਆ ਸੀ, ਜਦੋਂ ਕਿ ਕੋਡੰਬੱਕਮ ਵਿੱਚ ਉਸਦਾ ਰਜਿਸਟਰਡ ਦਫ਼ਤਰ ਬੰਦ ਪਾਇਆ ਗਿਆ ਸੀ। ਛਿੰਦਵਾੜਾ ਦੇ ਐਸਪੀ ਨੇ ਕਿਹਾ ਕਿ ਐਸਆਈਟੀ ਰੰਗਨਾਥਨ ਨੂੰ ਚੇਨਈ ਦੀ ਇੱਕ ਅਦਾਲਤ ਵਿੱਚ ਪੇਸ਼ ਕਰੇਗੀ ਅਤੇ ਟਰਾਂਜ਼ਿਟ ਰਿਮਾਂਡ ਦੀ ਮੰਗ ਕਰੇਗੀ। ਫਿਰ ਉਸਨੂੰ ਛਿੰਦਵਾੜਾ ਲਿਆਂਦਾ ਜਾਵੇਗਾ।
ਦੱਸ ਦਈਏ ਕਿ ਤਾਮਿਲਨਾਡੂ ਦੇ ਕਾਂਚੀਪੁਰਮ ਵਿੱਚ ਸ਼੍ਰੀਸਨ ਫਾਰਮਾਸਿਊਟੀਕਲਜ਼ ਦੁਆਰਾ ਤਿਆਰ ਕੀਤਾ ਜਾਣ ਵਾਲਾ ਕਫ ਸਿਰਪ ਕੋਲਡਰਿਫ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ 20 ਤੋਂ ਵੱਧ ਬੱਚਿਆਂ ਦੀ ਮੌਤ ਦਾ ਕਾਰਨ ਬਣ ਚੁੱਕਾ ਹੈ। ਤਾਮਿਲਨਾਡੂ, ਕੇਰਲ, ਮੱਧ ਪ੍ਰਦੇਸ਼, ਪੰਜਾਬ ਅਤੇ ਅਰੁਣਾਚਲ ਪ੍ਰਦੇਸ਼ ਸਮੇਤ ਕਈ ਰਾਜਾਂ ਨੇ ਕੋਲਡਰਿਫ ਕਫ ਸਿਰਪ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਤੇਲੰਗਾਨਾ, ਕਰਨਾਟਕ ਅਤੇ ਮਹਾਰਾਸ਼ਟਰ ਵਰਗੇ ਹੋਰ ਰਾਜਾਂ ਨੇ ਵੀ ਅਲਰਟ ਜਾਰੀ ਕੀਤੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























