Chandigarh : ਰੈਪਰ ਬਾਦਸ਼ਾਹ ਦਾ ਕਲੱਬ ਸੀਲ
– ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲਿਆ ਗਿਆ ਵੱਡਾ ਐਕਸ਼ਨ; ਜਾਣੋ ਕੀ ਹੈ ਪੂਰਾ ਮਾਮਲਾ
ਚੰਡੀਗੜ੍ਹ, 2 ਮਈ 2026 (ਵਿਸ਼ਵ ਵਾਰਤਾ): ਮਸ਼ਹੂਰ ਰੈਪਰ ਬਾਦਸ਼ਾਹ ਦੇ ਸੈਕਟਰ-26 ਸਥਿਤ ਕਲੱਬ ‘ਸਾਗੋ’ ਨੂੰ ਸੀਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕਲੱਬ ਸੰਚਾਲਕਾਂ ਨੂੰ ਇਮਾਰਤ ਦੇ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਕਈ ਵਾਰ ਨੋਟਿਸ ਜਾਰੀ ਕੀਤੇ ਗਏ ਸਨ। ਉਨ੍ਹਾਂ ਨੂੰ ਨਿਰਧਾਰਿਤ ਸਮੇਂ ਦੇ ਅੰਦਰ ਕਮੀਆਂ ਦੂਰ ਕਰਨ ਅਤੇ ਨਿਯਮਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ, ਪਰ ਅਜਿਹਾ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਬਿਲਡਿੰਗ ਬ੍ਰਾਂਚ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਸੀਲਿੰਗ ਦੀ ਕਾਰਵਾਈ ਕੀਤੀ।
ਪ੍ਰਸ਼ਾਸਨ ਮੁਤਾਬਕ, ਕਲੱਬ ਵਿੱਚ ਇਮਾਰਤ ਸੰਬੰਧੀ ਨਿਯਮਾਂ ਅਤੇ ਪ੍ਰਵਾਨਿਤ ਨਕਸ਼ੇ ਨਾਲ ਜੁੜੀਆਂ ਕੁਝ ਉਲੰਘਣਾਵਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਮਾਮਲਾ ਚੱਲ ਰਿਹਾ ਸੀ। ਬਾਰ-ਬਾਰ ਨੋਟਿਸ ਭੇਜੇ ਜਾਣ ਦੇ ਬਾਵਜੂਦ ਸੰਤੋਖਜਨਕ ਜਵਾਬ ਅਤੇ ਪਾਲਣਾ ਨਾ ਮਿਲਣ ‘ਤੇ ਆਖ਼ਰਕਾਰ ਕਲੱਬ ਨੂੰ ਸੀਲ ਕਰਨ ਦਾ ਫ਼ੈਸਲਾ ਲਿਆ ਗਿਆ।
ਇਹ ਉਹੀ ਕਲੱਬ ਹੈ, ਜੋ ਇਸ ਤੋਂ ਪਹਿਲਾਂ ਵੀ ਇੱਕ ਵੱਡੇ ਵਿਵਾਦ ਕਾਰਨ ਚਰਚਾ ਵਿੱਚ ਆ ਚੁੱਕਾ ਹੈ। ਕਲੱਬ ਦੇ ਬਾਹਰ ਹੋਏ ਧਮਾਕਿਆਂ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਰਾਹੀਂ ਗੈਂਗਸਟਰ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਵੱਲੋਂ ਲਏ ਜਾਣ ਦੀ ਗੱਲ ਸਾਹਮਣੇ ਆਈ ਸੀ। ਹੁਣ ਇੱਕ ਵਾਰ ਫਿਰ ਇਹ ਕਲੱਬ ਪ੍ਰਸ਼ਾਸਨਿਕ ਕਾਰਵਾਈ ਕਾਰਨ ਚਰਚਾ ਵਿੱਚ ਆ ਗਿਆ ਹੈ।






















