Haryana assembly election 2024: ਹਰਿਆਣਾ ‘ਚ ਬਦਲ ਸਕਦੀ ਹੈ ਚੋਣਾਂ ਦੀ ਤਰੀਕ!
ਚੰਡੀਗੜ੍ਹ, 26 ਅਗਸਤ (ਵਿਸ਼ਵ ਵਾਰਤਾ):- ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਅਤੇ ਵੋਟਾਂ ਦੀ ਗਿਣਤੀ ਵਿਚ ਬਦਲਾਅ ਹੋ ਸਕਦਾ ਹੈ। ਵੋਟਿੰਗ 1 ਅਕਤੂਬਰ ਦੀ ਬਜਾਏ 7 ਜਾਂ 8 ਅਕਤੂਬਰ ਨੂੰ ਹੋ ਸਕਦੀ ਹੈ। ਵੋਟਾਂ ਦੀ ਗਿਣਤੀ 4 ਦੀ ਬਜਾਏ 10 ਜਾਂ 11 ਅਕਤੂਬਰ ਨੂੰ ਕੀਤੀ ਜਾ ਸਕਦੀ ਹੈ। ਚੋਣ ਕਮਿਸ਼ਨ ਨੇ ਤਿਉਹਾਰਾਂ ਦਾ ਹਵਾਲਾ ਦਿੰਦੇ ਹੋਏ ਭਾਜਪਾ ਅਤੇ ਇਨੈਲੋ ਵੱਲੋਂ ਕੀਤੀ ਗਈ ਮੰਗ ‘ਤੇ ਸਿਧਾਂਤਕ ਤੌਰ ‘ਤੇ ਸਹਿਮਤੀ ਜਤਾਈ ਹੈ ਅਤੇ ਮੰਗਲਵਾਰ ਨੂੰ ਅੰਤਿਮ ਫੈਸਲਾ ਲੈ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਲੋਕ ਸਭਾ ਚੋਣਾਂ ‘ਚ ਵੀ ਜਿਨ੍ਹਾਂ ਗੇੜਾਂ ‘ਚ ਸ਼ੁੱਕਰਵਾਰ ਜਾਂ ਸੋਮਵਾਰ ਨੂੰ ਵੋਟਾਂ ਪਈਆਂ ਸਨ, ਉਨ੍ਹਾਂ ‘ਚ ਵੀ ਵੋਟ ਫੀਸਦੀ ਬਾਕੀ ਗੇੜਾਂ ਦੇ ਮੁਕਾਬਲੇ ਘੱਟ ਸੀ। ਇਸ ਲਈ ਕਮਿਸ਼ਨ ਇਸ ਦੇ ਮੱਦੇਨਜ਼ਰ ਵੋਟਿੰਗ ਅਤੇ ਗਿਣਤੀ ਦੀ ਤਰੀਕ ਨੂੰ ਬਦਲ ਸਕਦਾ ਹੈ। ਹਾਲਾਂਕਿ ਕਾਂਗਰਸ ਅਤੇ ਜੇਜੇਪੀ ਨੇ ਇਸ ਦਾ ਵਿਰੋਧ ਕੀਤਾ ਹੈ।
ਪ੍ਰਦੇਸ਼ ਭਾਜਪਾ ਪ੍ਰਧਾਨ ਮੋਹਨ ਲਾਲ ਬਡੋਲੀ ਨੇ ਹਰਿਆਣਾ ‘ਚ ਚੋਣ ਪ੍ਰੋਗਰਾਮ ‘ਚ ਬਦਲਾਅ ਲਈ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਹੈ। ਚੋਣ ਪ੍ਰੋਗਰਾਮ ‘ਚ ਬਦਲਾਅ ਦਾ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ‘ਤੇ ਵੀ ਅਸਰ ਪਵੇਗਾ। ਹਾਲਾਂਕਿ ਸੂਬੇ ਵਿੱਚ ਪਹਿਲਾਂ ਵਾਂਗ ਹੀ ਪਹਿਲਾਂ ਤੋਂ ਤੈਅ ਮਿਤੀ ‘ਤੇ ਤਿੰਨ ਪੜਾਵਾਂ ਵਿੱਚ ਵੋਟਾਂ ਪੈਣਗੀਆਂ ਪਰ ਵੋਟਾਂ ਦੀ ਗਿਣਤੀ ਦੀ ਤਰੀਕ 4 ਅਕਤੂਬਰ ਤੋਂ ਬਦਲ ਦਿੱਤੀ ਜਾਵੇਗੀ।