Canada ‘ਚ ਨਵੇਂ ਇਮੀਗ੍ਰੇਸ਼ਨ ਨਿਯਮ: ਭਾਰਤੀ ਪੇਸ਼ੇਵਰਾਂ ਨੂੰ ਮਿਲ ਸਕਦਾ ਹੈ ਫਾਇਦਾ !
– 3 ਨਵੰਬਰ ਤੋਂ ਲਾਗੂ ਹੋਣਗੇ ਬਦਲਾਅ
ਨਵੀਂ ਦਿੱਲੀ, 17 ਅਕਤੂਬਰ (ਵਿਸ਼ਵ ਵਾਰਤਾ): ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਨਿਯਮਾਂ ਨਾਲ ਉੱਥੇ ਪਹਿਲਾਂ ਤੋਂ ਕੰਮ ਕਰ ਰਹੇ ਹੁਨਰਮੰਦ ਭਾਰਤੀ ਪੇਸ਼ੇਵਰਾਂ ਨੂੰ ਫਾਇਦਾ ਮਿਲ ਸਕਦਾ ਹੈ। ਕੈਨੇਡਾ ਦੇ ਐਕਸਪ੍ਰੈੱਸ ਐਂਟਰੀ ਸਿਸਟਮ ਵਿੱਚ ਕੀਤੇ ਜਾ ਰਹੇ ਬਦਲਾਅ ਤਹਿਤ ਕੈਨੇਡਾ ਵਿੱਚ ਕੰਮ ਦੇ ਤਜਰਬੇ ਅਤੇ ਵੱਧ ਤਨਖ਼ਾਹ ਵਾਲੇ ਕਿੱਤਿਆਂ ਵਿੱਚ ਨੌਕਰੀ ਦੀ ਪੇਸ਼ਕਸ਼ ਨੂੰ ਵਧੇਰੇ ਮਹੱਤਵ ਦਿੱਤਾ ਜਾਵੇਗਾ।
ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ 16 ਅਕਤੂਬਰ ਨੂੰ ਇਨ੍ਹਾਂ ਤਬਦੀਲੀਆਂ ਦਾ ਐਲਾਨ ਕੀਤਾ ਹੈ, ਜੋ 3 ਨਵੰਬਰ ਤੋਂ ਲਾਗੂ ਹੋਣਗੀਆਂ। ਐਕਸਪ੍ਰੈੱਸ ਐਂਟਰੀ ਰਾਹੀਂ ਸਥਾਈ ਨਿਵਾਸ ਲਈ ਅਪਲਾਈ ਕਰਨ ਵਾਸਤੇ ਸੱਦਾ ਪ੍ਰਾਪਤ ਕਰਨ ਵਾਲਿਆਂ ਵਿੱਚ ਭਾਰਤੀ ਲੰਬੇ ਸਮੇਂ ਤੋਂ ਸਭ ਤੋਂ ਵੱਡਾ ਸਮੂਹ ਰਹੇ ਹਨ। ਨਵੇਂ ਨਿਯਮਾਂ ਨਾਲ ਉਨ੍ਹਾਂ ਦੀ ਚੋਣ ਦੀਆਂ ਸੰਭਾਵਨਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ।
ਕੈਨੇਡਾ ਵਿੱਚ ਸਾਫਟਵੇਅਰ ਇੰਜੀਨੀਅਰਿੰਗ, ਸੂਚਨਾ ਤਕਨਾਲੋਜੀ, ਸਿਹਤ ਸੇਵਾਵਾਂ ਅਤੇ ਹੋਰ ਇੰਜੀਨੀਅਰਿੰਗ ਖੇਤਰਾਂ ਵਿੱਚ ਕੰਮ ਕਰ ਰਹੇ ਯੋਗ ਉਮੀਦਵਾਰਾਂ ਨੂੰ ਵਾਧੂ ਅੰਕ ਮਿਲ ਸਕਦੇ ਹਨ। ਇਸ ਦੇ ਉਲਟ, ਕੈਨੇਡਾ ਤੋਂ ਬਾਹਰ ਰਹਿ ਰਹੇ ਅਤੇ ਉੱਥੇ ਕੰਮ ਦਾ ਤਜਰਬਾ ਜਾਂ ਯੋਗ ਨੌਕਰੀ ਦੀ ਪੇਸ਼ਕਸ਼ ਨਾ ਰੱਖਣ ਵਾਲੇ ਬਿਨੈਕਾਰਾਂ ਲਈ ਮੁਕਾਬਲਾ ਔਖਾ ਹੋ ਸਕਦਾ ਹੈ। ਨਵੇਂ ਨਿਯਮਾਂ ਅਨੁਸਾਰ, ਵੱਧ ਤਨਖ਼ਾਹ ਵਾਲੇ ਯੋਗ ਕਿੱਤਿਆਂ ਵਿੱਚ ਕੰਮ ਦੇ ਤਜਰਬੇ ਲਈ ਉਮੀਦਵਾਰਾਂ ਨੂੰ 70 ਤੱਕ ਵਾਧੂ ਅੰਕ ਮਿਲ ਸਕਦੇ ਹਨ। ਇਸ ਤੋਂ ਇਲਾਵਾ, ਅਜਿਹੇ ਕਿੱਤੇ ਵਿੱਚ ਯੋਗ ਨੌਕਰੀ ਦੀ ਪੇਸ਼ਕਸ਼ ਹੋਣ ’ਤੇ 100 ਤੱਕ ਵਾਧੂ ਅੰਕ ਦਿੱਤੇ ਜਾ ਸਕਦੇ ਹਨ।
ਉਮੀਦਵਾਰ ਨੂੰ ਕੈਨੇਡਾ ਵਿੱਚ ਯੋਗ ਕੰਮ ਦੇ ਤਜਰਬੇ ਜਾਂ ਯੋਗ ਨੌਕਰੀ ਦੀ ਪੇਸ਼ਕਸ਼ ਵਿੱਚੋਂ ਜਿਸ ਦੇ ਆਧਾਰ ’ਤੇ ਵੱਧ ਅੰਕ ਮਿਲਦੇ ਹੋਣਗੇ, ਉਸੇ ਨੂੰ ਗਿਣਿਆ ਜਾਵੇਗਾ। ਦੋਵਾਂ ਸ਼੍ਰੇਣੀਆਂ ਦੇ ਵਾਧੂ ਅੰਕ ਇਕੱਠੇ ਨਹੀਂ ਲਏ ਜਾ ਸਕਣਗੇ।
ਨਵੇਂ ਨਿਯਮ ਸਿਹਤ ਸੇਵਾਵਾਂ, ਇੰਜੀਨੀਅਰਿੰਗ, ਤਕਨਾਲੋਜੀ, ਸਿੱਖਿਆ ਅਤੇ ਹੁਨਰਮੰਦ ਤਕਨੀਕੀ ਕਿੱਤਿਆਂ ਸਮੇਤ ਚੋਣਵੇਂ ਖੇਤਰਾਂ ’ਤੇ ਲਾਗੂ ਹੋਣਗੇ। ਕਿਸੇ ਕਿੱਤੇ ਨੂੰ ਵੱਧ ਤਨਖ਼ਾਹ ਵਾਲੀ ਸ਼੍ਰੇਣੀ ਵਿੱਚ ਸ਼ਾਮਲ ਕਰਨ ਲਈ ਉਸ ਦੀ ਕੌਮੀ ਔਸਤ ਤਨਖ਼ਾਹ ਕੈਨੇਡਾ ਦੀ ਸਮੁੱਚੀ ਕਿਰਤ ਸ਼ਕਤੀ ਦੀ ਔਸਤ ਤਨਖ਼ਾਹ ਤੋਂ ਘੱਟੋ-ਘੱਟ 1.3 ਗੁਣਾ ਹੋਣੀ ਲਾਜ਼ਮੀ ਹੋਵੇਗੀ।
ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੇਜ ਡਾਇਬ ਨੇ ਕਿਹਾ ਕਿ ਇਨ੍ਹਾਂ ਤਬਦੀਲੀਆਂ ਦਾ ਉਦੇਸ਼ ਅਜਿਹੇ ਹੁਨਰਮੰਦ ਪ੍ਰਵਾਸੀਆਂ ਦੀ ਚੋਣ ਕਰਨਾ ਹੈ, ਜੋ ਕੈਨੇਡਾ ਵਿੱਚ ਸਫ਼ਲ ਹੋ ਸਕਣ, ਦੇਸ਼ ਦੀ ਘਰੇਲੂ ਕਿਰਤ ਸ਼ਕਤੀ ਦੀਆਂ ਲੋੜਾਂ ਨੂੰ ਪੂਰਾ ਕਰਨ ਅਤੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























