Canada ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ
ਮੋਹਾਲੀ, 7 ਜਨਵਰੀ 2026 (ਵਿਸ਼ਵ ਵਾਰਤਾ) – ਮੋਹਾਲੀ ਜ਼ਿਲ੍ਹੇ ਦੇ ਲਾਲੜੂ ਮੰਡੀ ਦੇ ਰਹਿਣ ਵਾਲੇ 22 ਸਾਲਾ ਵਿਦਿਆਰਥੀ ਅਰਮਾਨ ਚੌਹਾਨ ਦੀ ਕੈਨੇਡਾ (Canada) ਦੇ ਓਨਟਾਰੀਓ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਰੀ ਅਨੁਸਾਰ ਅਰਮਾਨ ਚੌਹਾਨ ਨਾਲ ਇਹ ਹਾਦਸਾ 5 ਜਨਵਰੀ ਵਾਪਰਿਆ ਸੀ ਜਿਸ ‘ਚ ਉਸ ਦੀ ਜਾਨ ਚਲੀ ਗਈ। ਇਹ ਹਾਦਸਾ ਕ੍ਰੇਮੇਹ ਟਾਊਨਸ਼ਿਪ ਨੇੜੇ ਓਨਟਾਰੀਓ ਹਾਈਵੇਅ 401 ‘ਤੇ ਵਾਪਰਿਆ ਸੀ। ਹਾਦਸੇ ਦੇ ਸਹੀ ਕਾਰਨ ਦਾ ਅਜੇ ਤੱਕ ਵੀ ਪਤਾ ਨਹੀਂ ਲੱਗ ਸਕਿਆ ਹੈ ਅਤੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਦੇ ਅਨੁਸਾਰ, ਅਰਮਾਨ ਆਪਣੇ ਇੱਕ ਦੋਸਤ ਨਾਲ ਮਾਂਟਰੀਅਲ ਤੋਂ ਟੋਰਾਂਟੋ ਜਾ ਰਿਹਾ ਸੀ। ਹਾਲਾਂਕਿ, ਇਹ ਦੱਸਿਆ ਗਿਆ ਹੈ ਕਿ ਹਾਦਸੇ ਦੇ ਸਮੇਂ ਅਰਮਾਨ ਪੈਦਲ ਜਾ ਰਿਹਾ ਸੀ। ਇਹ ਸਪੱਸ਼ਟ ਨਹੀਂ ਹੈ ਕਿ ਕਿਹੜੇ ਹਾਲਾਤਾਂ ‘ਚ ਉਹ ਇਨ੍ਹੇ ਵਿਅਸਤ ਹਾਈਵੇਅ ‘ਤੇ ਪਹੁੰਚਿਆ, ਅਤੇ ਜਾਂਚ ਏਜੰਸੀਆਂ ਇਸ ਬਿੰਦੂ ਨੂੰ ਲੈ ਕੇ ਜਾਂਚ ਕਰ ਰਹੀਆਂ ਹਨ।

ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (Canada) ਨੂੰ ਸੂਚਨਾ ਮਿਲੀ ਸੀ ਕਿ ਹਾਈਵੇਅ ਦੇ ਪੱਛਮੀ ਪਾਸੇ ਵਾਲੀ ਲੇਨ ਵਿੱਚ ਇੱਕ ਕਾਰ ਨੇ ਇੱਕ ਪੈਦਲ ਯਾਤਰੀ ਨੂੰ ਟੱਕਰ ਮਾਰ ਦਿੱਤੀ ਹੈ। ਮੌਕੇ ‘ਤੇ ਪਹੁੰਚਣ ‘ਤੇ, ਪੁਲਿਸ ਨੂੰ ਮੀਡੀਅਨ ਦੇ ਨੇੜੇ ਖੜ੍ਹੀ ਇੱਕ ਕਾਰ ਮਿਲੀ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਅਰਮਾਨ ਦੀ ਮੌਤ ਇਸ ਕਾਰ ਨਾਲ ਟੱਕਰ ਵਿੱਚ ਹੋਈ ਹੈ ਜਾਂ ਕਿਸੇ ਹੋਰ ਵਾਹਨ ਨਾਲ। ਪੁਲਿਸ ਨੇੜਲੇ ਸਥਾਨਾਂ ਤੋਂ ਸੀਸੀਟੀਵੀ ਕੈਮਰਿਆਂ ਅਤੇ ਡੈਸ਼ਕੈਮ ਫੁਟੇਜ ਦੀ ਵਰਤੋਂ ਕਰਕੇ ਘਟਨਾ ਦੀ ਜਾਂਚ ਕਰ ਰਹੀ ਹੈ।
ਐਮਰਜੈਂਸੀ ਸੇਵਾਵਾਂ ਨੇ ਹਾਦਸੇ ਤੋਂ ਬਾਅਦ ਤੁਰੰਤ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਰਮਾਨ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਘਟਨਾ ਦੀ ਖ਼ਬਰ ਸੁਣ ਕੇ ਲਾਲੜੂ ਮੰਡੀ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ। ਅਰਮਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਪੜ੍ਹਾਈ ਲਈ ਕੈਨੇਡਾ ਗਿਆ ਸੀ।
ਪਰਿਵਾਰ ਨੇ ਹਾਦਸੇ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ। ਮ੍ਰਿਤਕ ਦੀ ਲਾਸ਼ (Canada) ਨੂੰ ਭਾਰਤ ਵਾਪਸ ਲਿਆਉਣ ਵਿੱਚ ਪਰਿਵਾਰ ਨੂੰ ਵਿੱਤੀ ਅਤੇ ਪ੍ਰਸ਼ਾਸਨਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਓਪੀਪੀ ਨੇ ਚਸ਼ਮਦੀਦਾਂ ਅਤੇ ਡੈਸ਼ਕੈਮ ਫੁਟੇਜ ਵਾਲੇ ਲੋਕਾਂ ਨੂੰ ਅੱਗੇ ਆਉਣ ਅਤੇ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























