ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਚੱਲੇ ਨੌਜਵਾਨ ਦੀ ਹਾਦਸੇ ‘ਚ ਮੌਤ
ਲੁਧਿਆਣਾ, 10 ਜੂਨ 2026 (ਵਿਸ਼ਵ ਵਾਰਤਾ)– ਲੁਧਿਆਣਾ ਦੇ ਇੱਕ 23 ਸਾਲਾ ਨੌਜਵਾਨ ਦੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਖੰਨਾ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲੁਧਿਆਣਾ ਦੇ ਪ੍ਰਤਾਪ ਸਿੰਘ ਰੋਡ, ਹੈਬੋਵਾਲ ਦੇ ਰਹਿਣ ਵਾਲੇ 23 ਸਾਲਾ ਜਿਤੇਂਦਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ, ਲੁਧਿਆਣਾ ਤੋਂ ਕਰੀਬ 30 ਨੌਜਵਾਨ ਬਾਈਕਾਂ ‘ਤੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਰਵਾਨਾ ਹੋਏ ਸਨ।
ਦੱਸਿਆ ਜਾ ਰਿਹਾ ਹੈ ਕਿ ਖੰਨਾ ਦੇ ਮੰਜੀ ਸਾਹਿਬ ਦੇ ਕੋਲ ਜੀ.ਟੀ. ਰੋਡ ‘ਤੇ ਸੜਕ ਵਿੱਚ ਟੋਏ ਕਾਰਨ ਜਿਤੇਂਦਰ ਸਿੰਘ ਦਾ ਬਾਈਕ ਬੇਕਾਬੂ ਹੋ ਗਿਆ। ਸੰਤੁਲਨ ਵਿਗੜਨ ਤੋਂ ਬਾਅਦ ਬਾਈਕ ਸੜਕ ਕਿਨਾਰੇ ਲੱਗੀ ਰੇਲਿੰਗ ਨਾਲ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਜਿਤੇਂਦਰ ਦੀ ਗਰਦਨ ‘ਤੇ ਗੰਭੀਰ ਸੱਟ ਲੱਗੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਜਿਤੇਂਦਰ ਸਿੰਘ ਪੇਸ਼ੇ ਤੋਂ ਇਲੈਕਟ੍ਰੀਸ਼ੀਅਨ ਸੀ ਅਤੇ ਇੱਕ ਸਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਸ ਦਾ ਪਰਿਵਾਰ ਕਈ ਸਾਲਾਂ ਤੋਂ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਜਿਤੇਂਦਰ ਛੋਟੀ ਉਮਰ ਤੋਂ ਹੀ ਪਰਿਵਾਰ ਦੀਆਂ ਆਰਥਿਕ ਜ਼ਿੰਮੇਵਾਰੀਆਂ ਸੰਭਾਲ ਰਿਹਾ ਸੀ ਅਤੇ ਮਿਹਨਤ-ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ। ਪੁਲਿਸ ਮੁਤਾਬਿਕ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 194 ਬੀ.ਐਨ.ਐਸ.ਐਸ. ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























