ਬੰਗਲਾਦੇਸ਼ ਦੇ ਇੱਕ ਰਿਜ਼ੋਰਟ ਵਿੱਚ ਅੱਗ ਲੱਗਣ ਕਾਰਨ 10 ਲੋਕਾਂ ਦੀ ਮੌਤ
ਚੰਡੀਗੜ੍ਹ, 17 ਅਕਤੂਬਰ (ਵਿਸ਼ਵ ਵਾਰਤਾ) ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਬੰਗਲਾਦੇਸ਼ ਦੇ ਦੱਖਣ-ਪੂਰਬੀ ਜ਼ਿਲ੍ਹੇ ‘ਕਾਕਸ ਬਾਜ਼ਾਰ’ (Cox’s Bazar) ਵਿੱਚ ਇੱਕ ਸਮੁੰਦਰੀ ਕੰਢੇ ਸਥਿਤ ਰਿਜ਼ੋਰਟ ਵਿੱਚ ਲੱਗੀ ਅੱਗ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 9 ਲੋਕ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚ ਇੱਕੋ ਪਰਿਵਾਰ ਦੇ 6 ਮੈਂਬਰ ਸ਼ਾਮਲ ਹਨ।
ਅੱਗ ਸਵੇਰੇ ਲਗਭਗ 7:25 ਵਜੇ ‘ਟੁਪਟੁਪ ਰੈਸਟੋ ਐਂਡ ਰਿਜ਼ੋਰਟ’ (Tuptup Resto and Resort) ਵਿੱਚ ਲੱਗੀ। ਲੱਕੜ ਦੀ ਬਣੀ ਇਹ ਤਿੰਨ ਮੰਜ਼ਿਲਾ ਇਮਾਰਤ ਅੱਗ ਦੀ ਲਪੇਟ ਵਿੱਚ ਆ ਕੇ ਪੂਰੀ ਤਰ੍ਹਾਂ ਸੜ ਗਈ। ਇਸ ਘਟਨਾ ਵਿੱਚ ਕਈ ਹੋਰ ਲੋਕ ਜ਼ਖਮੀ ਵੀ ਹੋਏ ਹਨ। ਇਹ ਮੰਨਿਆ ਜਾ ਰਿਹਾ ਕਿ ਅੱਗ ਬਿਜਲੀ ਦੀਆਂ ਤਾਰਾਂ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ, ਜੋ ਬਾਅਦ ਵਿੱਚ ਇੱਕ ਏਅਰ ਕੰਡੀਸ਼ਨਿੰਗ ਯੂਨਿਟ ਤੱਕ ਫੈਲ ਗਈ। ਇੱਕ ਗੈਸ ਸਿਲੰਡਰ ਫਟਣ ਕਾਰਨ ਅੱਗ ਪੂਰੀ ਇਮਾਰਤ ਵਿੱਚ ਤੇਜ਼ੀ ਨਾਲ ਫੈਲ ਗਈ। ਹਾਲਾਂਕਿ, ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਲੱਗੇਗਾ। ਜਦੋਂ ਅੱਗ ਲੱਗੀ, ਤਾਂ ਰਿਜ਼ੋਰਟ ਵਿੱਚ ਲਗਭਗ 30 ਲੋਕ ਮੌਜੂਦ ਸਨ। ਇਨ੍ਹਾਂ ਵਿੱਚੋਂ 4 ਤੋਂ 5 ਵਿਅਕਤੀ ਤਾਂ ਬਚ ਨਿਕਲਣ ਵਿੱਚ ਕਾਮਯਾਬ ਹੋ ਗਏ, ਪਰ ਬਾਕੀਆਂ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਹੈ। ਇਹ ਤਿੰਨ ਮੰਜ਼ਿਲਾ ਰਿਜ਼ੋਰਟ ਬਾਂਸ ਅਤੇ ਲੱਕੜ ਦਾ ਬਣਿਆ ਹੋਇਆ ਸੀ। ਇਹ ਕੌਕਸ ਬਾਜ਼ਾਰ ਦੇ ਕੋਲਾਟੋਲੀ (Kolatoli) ਇਲਾਕੇ ਦੇ ਬਾਹਰੀ ਹਿੱਸੇ ਵਿੱਚ ਸਥਿਤ ਸੀਇਹ ਥਾਂ ਰਾਜਧਾਨੀ ਢਾਕਾ ਤੋਂ ਲਗਭਗ 410 ਕਿਲੋਮੀਟਰ ਦੂਰ ਹੈ।






















